ਖਾਸ ਖ਼ਬਰਰਾਸ਼ਟਰੀ

‘ਕੁਆਡ’ ਵੱਲੋਂ ਪਹਿਲਗਾਮ ਹਮਲੇ ਦੀ ਨਿਖੇਧੀ; ਪਾਕਿ ਨੂੰ ਸਾਜ਼ਿਸ਼ਘਾੜਿਆਂ ਖਿਲਾਫ਼ ਕਾਰਵਾਈ ਲਈ ਕਿਹਾ

‘ਕੁਆਡ’ ਵੱਲੋਂ ਪਹਿਲਗਾਮ ਹਮਲੇ ਦੀ ਨਿਖੇਧੀ; ਪਾਕਿ ਨੂੰ ਸਾਜ਼ਿਸ਼ਘਾੜਿਆਂ ਖਿਲਾਫ਼ ਕਾਰਵਾਈ ਲਈ ਕਿਹਾ

ਨਵੀਂ ਦਿੱਲੀ- ਪਾਕਿਸਤਾਨ ਵੱਲੋਂ ਦਰਪੇਸ਼ ਅਤਿਵਾਦ ਕਰਕੇ ਭਾਰਤ ਵੱਲੋਂ ਪਾਏ ਜਾ ਰਹੇ ਦਬਾਅ ਦਰਮਿਆਨ ਚਾਰ ਮੁਲਕੀ ਸਮੂਹ ‘ਕੁਆਡ’ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ ਹੈ। ਸਮੂਹ ਨੇ ਪਾਕਿਸਤਾਨ ਦਾ ਨਾਮ ਲਏ ਬਗੈਰ ਉਸ ਨੂੰ ਇਸ ‘ਨਿੰਦਣਯੋਗ’ ਕਾਰੇ ਦੇ ਅਪਰਾਧੀਆਂ, ਸਾਜ਼ਿਸ਼ ਘਾੜਿਆਂ ਤੇ ਵਿੱਤੀ ਮਦਦ ਕਰਨ ਵਾਲਿਆਂ ਖਿਲਾਫ਼ ਕਾਰਵਾਈ ਲਈ ਕਿਹਾ ਹੈ। ‘ਕੁਆਡ’ ਦੇ ਵਿਦੇਸ਼ ਮੰਤਰੀਆਂ ਨੇ ਮੰਗਲਵਾਰ ਨੂੰ ਵਾਸ਼ਿੰਗਟਨ ਡੀਸੀ ਵਿਚ ਮੁੁਲਾਕਾਤ ਕਰਕੇ ਇਕ ਸਾਂਝਾ ਬਿਆਨ ਜਾਰੀ ਕੀਤਾ, ਜਿਸ ਵਿਚ ਅਤਿਵਾਦ ਤੇ ਅਪਰੈਲ ਮਹੀਨੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਦਾ ਵੀ ਜ਼ਿਕਰ ਸੀ। ਕੁਆਡ ਵਿਚ ਭਾਰਤ ਤੋਂ ਇਲਾਵਾ ਅਮਰੀਕਾ, ਜਾਪਾਨ ਤੇ ਆਸਟਰੇਲੀਆ ਸ਼ਾਮਲ ਹਨ।

ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਆਪਣੀ ਵੈੱਬਸਾਈਟ ’ਤੇ ਪੋਸਟ ਕੀਤੇ ਗਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ‘‘(ਅਸੀਂ) ਅਤਿਵਾਦ ਅਤੇ ਹਿੰਸਕ ਕੱਟੜਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ, ਜਿਸ ਵਿੱਚ ਸਰਹੱਦ ਪਾਰੋਂ ਅਤਿਵਾਦ ਵੀ ਸ਼ਾਮਲ ਹੈ, ਦੀ ਸਪੱਸ਼ਟ ਤੌਰ ’ਤੇ ਨਿੰਦਾ ਕਰਦੇ ਹਾਂ, ਅਤੇ ਅਤਿਵਾਦ ਖਿਲਾਫ਼ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ।’’ ਬਿਆਨ ਵਿਚ ਕਿਹਾ ਗਿਆ, ‘‘ਅਸੀਂ 22 ਅਪਰੈਲ, 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਜਿਸ ਵਿੱਚ 25 ਭਾਰਤੀ ਨਾਗਰਿਕ ਅਤੇ ਇੱਕ ਨੇਪਾਲੀ ਨਾਗਰਿਕ ਦੀ ਮੌਤ ਹੋ ਗਈ ਸੀ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ ਸਨ।’’

ਭਾਰਤ ਨੇ ਪਾਕਿਸਤਾਨ ਉੱਤੇ ਇਸ ਹਮਲੇ ਲਈ ਸਹਾਇਤਾ, ਉਕਸਾਉਣ, ਵਿੱਤ ਪੋਸ਼ਣ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼ ਲਗਾਇਆ ਹੈ। ‘ਕੁਆਡ’ ਨੇ ਆਪਣੇ ਬਿਆਨ ਵਿੱਚ ਭਾਵੇਂ ਪਾਕਿਸਤਾਨ ਦਾ ਨਾਮ ਨਹੀਂ ਲਿਆ ਪਰ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਕਿੱਥੇ ਇਸ਼ਾਰਾ ਕਰ ਰਿਹਾ ਸੀ। ਬਿਆਨ ਵਿੱਚ ‘ਸਰਹੱਦ ਪਾਰੋਂ’ ਅਤਿਵਾਦ ਸ਼ਬਦਾਂ ਦੀ ਵਰਤੋਂ ਕੀਤੀ ਗਈ ਅਤੇ ਇਸ ਤੋਂ ਬਾਅਦ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ ਗਈ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ‘ਇਸ ਨਿੰਦਣਯੋਗ ਕਾਰਵਾਈ ਦੇ ਦੋਸ਼ੀਆਂ, ਸਾਜ਼ਿਸ਼ਘਾੜਿਆਂ ਅਤੇ ਵਿੱਤੀ ਮਦਦ ਕਰਨ ਵਾਲਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।’’

ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਕੁਆਡ’ ਨੇ ਸਾਰੇ ਸੰਯੁਕਤ ਰਾਸ਼ਟਰ ਮੈਂਬਰ ਮੁਲਕਾਂ ਨੂੰ, ਕੌਮਾਂਤਰੀ ਕਾਨੂੰਨ ਅਤੇ ਸਬੰਧਤ ਯੂਐੱਨਐੱਸਸੀਆਰ ਦੇ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਅਨੁਸਾਰ, ਇਸ ਸਬੰਧ ਵਿੱਚ ਸਾਰੇ ਸਬੰਧਤ ਅਧਿਕਾਰੀਆਂ ਨਾਲ ਸਰਗਰਮੀ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਪਾਕਿਸਤਾਨ ਇੱਕ ਸੰਯੁਕਤ ਰਾਸ਼ਟਰ ਰਾਜ ਹੈ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਗੈਰ-ਸਥਾਈ ਮੈਂਬਰ ਵਜੋਂ ਇਸ ਮਹੀਨੇ ਨਿਸ਼ਚਿਤ ਮਿਆਦ ਲਈ ਯੂਐੱਨਐੱਸਸੀ ਦੀ ਅਗਵਾਈ ਕਰ ਰਿਹਾ ਹੈ।

ਇਸ ਸਮਾਗਮ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਉਨ੍ਹਾਂ ਦੇ ਆਸਟਰੇਲਿਆਈ ਅਤੇ ਜਾਪਾਨੀ ਹਮਰੁਤਬਾ ਕ੍ਰਮਵਾਰ ਪੈਨੀ ਵੋਂਗ ਅਤੇ ਤਾਕੇਸ਼ੀ ਇਵਾਯਾ ਮੌਜੂਦ ਸਨ। ‘ਕੁਆਡ’ ਦੇ ਵਿਦੇਸ਼ ਮੰਤਰੀ ਸਮੂਹ ਦੇ ਏਜੰਡੇ ਦੀ ਅਗਵਾਈ ਕਰਦੇ ਹਨ ਅਤੇ ਸਮੂਹ ਵੱਲੋਂ ਸਾਲ ਵਿਚ ਇਕ ਵਾਰ ਸੰਮੇਲਨ ਕਰਵਾਇਆ ਜਾਂਦਾ ਹੈ ਜਿਸ ਵਿੱਚ ਸਰਕਾਰ ਦੇ ਮੁਖੀ- ਅਮਰੀਕੀ ਰਾਸ਼ਟਰਪਤੀ ਅਤੇ ਭਾਰਤ, ਜਾਪਾਨ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸ਼ਾਮਲ ਹੁੰਦੇ ਹਨ।

Related posts

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲਾਸੋਰ ਪਹੁੰਚ ਕੇ ਰੇਲ ਹਾਦਸੇ ਦਾ ਜਾਇਜ਼ਾ ਲਿਆ – ਮਰਨ ਵਾਲਿਆਂ ਦੀ ਗਿਣਤੀ 280 ਹੋਈ

Current Updates

ਪਤਨੀ ਦੀ ਹੱਤਿਆ ਦੋਸ਼ ’ਚ ਕਬੱਡੀ ਖਿਡਾਰੀ ਸ਼ਕਤੀਮਾਨ ਕਾਬੂ, ਮਾਂ-ਪਿਓ ਤੇ ਭਰਾ ਨਾਮਜ਼ਦ

Current Updates

ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 200 ਝੁੱਗੀਆਂ ਸੜ ਕੇ ਸੁਆਹ

Current Updates

Leave a Comment