ਚੰਡੀਗੜ੍ਹ- ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਪੁਲੀਸ ਨੇ ਪਿਛਲੇ ਹਫ਼ਤੇ ਹੈਦਰਾਬਾਦ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ‘ਤੇ ਉਤਰਨ ਵਾਲੀ ਇੰਡੀਗੋ ਫਲਾਈਟ ਵਿਚ ਬੰਬ ਦੀ ਝੂਠੀ ਖ਼ਬਰ ਫੈਲਾਉਣ ਦੇ ਸਬੰਧ ਵਿੱਚ FIR ਦਰਜ ਕੀਤੀ ਹੈ। ਅਧਿਕਾਰੀਆਂ ਅਨੁਸਾਰ 5 ਜੁਲਾਈ ਨੂੰ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਜਹਾਜ਼ ਦੀ ਸਫਾਈ ਦੌਰਾਨ ਇੱਕ ਟਾਇਲਟ ਵਿੱਚੋਂ ‘ਅੰਦਰ ਬੰਬ ਹੈ’ ਲਿਖਿਆ ਇੱਕ ਟਿਸ਼ੂ ਪੇਪਰ ਮਿਲਿਆ ਸੀ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨੋਟ ਮਿਲਣ ਤੋਂ ਬਾਅਦ, ਜਹਾਜ਼ ਦੀ ਪੂਰੀ ਤਲਾਸ਼ੀ ਲਈ ਗਈ, ਪਰ ਕੋਈ ਵਿਸਫੋਟਕ ਨਹੀਂ ਮਿਲਿਆ। ਡਿਪਟੀ ਸੁਪਰਡੈਂਟ ਆਫ਼ ਪੁਲੀਸ (DSP) ਅਮਰਪ੍ਰੀਤ ਸਿੰਘ ਨੇ ਕਿਹਾ, “ਹੈਦਰਾਬਾਦ ਤੋਂ ਇੰਡੀਗੋ ਫਲਾਈਟ 5 ਜੁਲਾਈ ਨੂੰ ਇੱਥੇ ਉਤਰੀ ਸੀ ਅਤੇ ਇਸ ਨੇ ਦਿੱਲੀ ਜਾਣਾ ਸੀ। ਯਾਤਰੀਆਂ ਦੇ ਉਤਰਨ ਤੋਂ ਬਾਅਦ, ਸਫਾਈ ਦੌਰਾਨ ਜਹਾਜ਼ ਦੇ ਟਾਇਲਟ ਵਿੱਚੋਂ “ਅੰਦਰ ਬੰਬ ਹੈ” ਲਿਖਿਆ ਟਿਸ਼ੂ ਪੇਪਰ ਮਿਲਿਆ।”
ਉਨ੍ਹਾਂ ਕਿਹਾ, “ਇੰਡੀਗੋ ਦੇ ਸੁਰੱਖਿਆ ਮੈਨੇਜਰ ਵੱਲੋਂ ਇਸਦੀ ਸੂਚਨਾ ਤੁਰੰਤ ਹਵਾਈ ਅੱਡੇ ਦੇ ਅਧਿਕਾਰੀਆਂ ਅਤੇ ਪੁਲੀਸ ਨੂੰ ਦਿੱਤੀ ਗਈ। ਇੱਕ ਸਾਬੋਤਾਜ ਵਿਰੋਧੀ ਟੀਮ, ਬੰਬ ਰੋਕੂ ਦਸਤੇ ਅਤੇ ਸੀਆਈਐਸਐਫ ਕਰਮਚਾਰੀਆਂ ਨੇ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਯਾਤਰੀਆਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਗਈ, ਪਰ ਕੁਝ ਵੀ ਨਹੀਂ ਮਿਲਿਆ।”
ਇਸ ਸਬੰਧੀ ਭਾਰਤੀ ਨਿਆਏ ਸੰਹਿਤਾ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਅਤੇ ਹਵਾਈ ਜਹਾਜ਼ (ਸੁਰੱਖਿਆ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ ਨੇ ਕਿਹਾ ਕਿ ਹੋਰ ਜਾਂਚ ਜਾਰੀ ਹੈ।