ਜੰਮੂ- ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਅਮਰਨਾਥ ਯਾਤਰਾ ਲਈ ਪਹਿਲੇ ਜਥੇ ਨੂੰ ਰਵਾਨਾ ਕੀਤਾ। ਇਸ ਜਥੇ ਵਿਚ 5880 ਤੋਂ ਵੱਧ ਸ਼ਰਧਾਲੂ ਸ਼ਾਮਲ ਹਨ। ਜਥਾ ਸਖ਼ਤ ਸੁਰੱਖਿਆ ਪਹਿਰੇ ਹੇਠ ਸਾਲਾਨਾ ਯਾਤਰਾ ਲਈ ਰਵਾਨਾ ਹੋਇਆ। 3,880 ਮੀਟਰ ਉੱਚੇ ਇਸ ਧਾਰਮਿਕ ਸਥਾਨ ਦੀ 38 ਦਿਨਾ ਯਾਤਰਾ 3 ਜੁਲਾਈ ਨੂੰ ਘਾਟੀ ਤੋਂ ਦੋ ਰੂਟਾਂ ਰਾਹੀਂ ਸ਼ੁਰੂ ਹੋਵੇਗੀ। ਪਹਿਲਾ ਰੂਟ ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ ਨੂਨਵਾਨ-ਪਹਿਲਗਾਮ ਰਸਤਾ ਹੈ, ਜੋ 48 ਕਿਲੋਮੀਟਰ ਲੰਮਾ ਹੈ ਜਦੋਂਕਿ ਦੂਜਾ ਗੰਦਰਬਲ ਜ਼ਿਲ੍ਹੇ ਵਿਚਲਾ ਬਾਲਟਾਲ ਰੂਟ ਹੈ, ਜੋ ਪਹਿਲੇ ਰੂਟ ਦੇ ਮੁਕਾਬਲੇ 14 ਕਿਲੋਮੀਟਰ ਛੋਟਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸਾਲਾਨਾ ਅਮਰਨਾਥ ਯਾਤਰਾ ਵਿੱਚ ਸ਼ਾਮਲ ਹੋਣ ਲਈ 5,892 ਸ਼ਰਧਾਲੂਆਂ ਦਾ ਪਹਿਲਾ ਜਥਾ ਸਵੇਰੇ 4.30 ਵਜੇ ਬੇਸ ਕੈਂਪ ਤੋਂ ਰਵਾਨਾ ਹੋਇਆ। ਪਹਿਲੇ ਜਥੇ ਵਿਚ 1,115 ਮਹਿਲਾਵਾਂ, 31 ਬੱਚੇ ਅਤੇ 16 ਟ੍ਰਾਂਸਜੈਂਡਰ ਸ਼ਾਮਲ ਹਨ। ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਲਈ ਹੁਣ ਤੱਕ 3.31 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉੱਚ-ਸੁਰੱਖਿਆ ਵਾਲੇ ਭਗਵਤੀ ਨਗਰ ਬੇਸ ਕੈਂਪ ’ਤੇ ਪਹੁੰਚਣ ਮਗਰੋਂ ਉਪ-ਰਾਜਪਾਲ ਨੇ ਪੂਜਾ ਕੀਤੀ ਅਤੇ ਬਾਅਦ ਵਿੱਚ ਕਸ਼ਮੀਰ ਦੇ ਜੁੜਵੇਂ ਬੇਸ ਕੈਂਪਾਂ ਲਈ ਯਾਤਰਾ ਨੂੰ ਹਰੀ ਝੰਡੀ ਦਿਖਾਈ। ਝੰਡੀ ਦਿਖਾਉਣ ਦੀ ਰਸਮ ਦੌਰਾਨ ਸਿਨਹਾ ਨਾਲ ਸਥਾਨਕ ਵਿਧਾਇਕ, ਉੱਚ ਅਧਿਕਾਰੀ ਅਤੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਮੁਖੀ ਵੀ ਸਨ।