ਮੁਹਾਲੀ: ਦੇਸ਼-ਪ੍ਰਦੇਸ਼ ਵਿੱਚ 18 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸਰਬਾਲਾ ਜੀ’ ਦੀ ਸਟਾਰ ਕਾਸਟ ਟੀਮ ਜਿਸ ਵਿੱਚ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਐਮੀ ਵਿਰਕ ਅਤੇ ਨਿਮਰਤ ਖਹਿਰਾ ਪ੍ਰਮੁੱਖ ਸਨ, ਅੱਜ ਇੱਥੇ ਪਹੁੰਚੀ। ਸਟਾਰ ਕਾਸਟ ਦੀ ਹਾਜ਼ਰੀ ਵਿੱਚ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ। ਟੀਮ ਨੇ ਦਰਸ਼ਕਾਂ ਨੂੰ ਫ਼ਿਲਮ ਸਿਨੇਮਾਘਰਾਂ ਵਿੱਚ ਜਾ ਕੇ ਦੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮਲਟੀਸਟਾਰ ਫ਼ਿਲਮ ਬਾਕੀ ਫ਼ਿਲਮਾਂ ਨਾਲੋਂ ਵੱਖਰੇ ਵਿਸ਼ੇ ’ਤੇ ਬਣੀ ਹੈ। ਇਸ ਮੌਕੇ ਨਿਰਦੇਸ਼ਕ ਮਨਦੀਪ ਕੁਮਾਰ ਨੇ ਕਿਹਾ ਕਿ ਇਹ ਫ਼ਿਲਮ ਇੱਕ ਪਰਿਵਾਰਕ ਕਹਾਣੀ ਹੈ। ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਮਲਟੀਸਟਾਰ ਫ਼ਿਲਮ ਵਿੱਚ ਕੰਮ ਕਰਨ ਦੀ ਪਿਛਲੇ ਲੰਬੇ ਸਮੇਂ ਤੋਂ ਇੱਛਾ ਸੀ ਜੋ ਹੁਣ ਪੂਰੀ ਹੋਈ ਹੈ। ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਕਿਹਾ ਕਿ ਉਨ੍ਹਾਂ ਨੂੰ ਮਲਟੀਸਟਾਰ ਫ਼ਿਲਮ ਵਿੱਚ ਕੰਮ ਕਰਕੇ ਬਹੁਤ ਚੰਗਾ ਲੱਗਿਆ ਤੇ ਇਹ ਫ਼ਿਲਮ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਵੇਗੀ। ਅਦਾਕਾਰਾ ਸਰਗੁਣ ਮਹਿਤਾ ਨੇ ਕਿਹਾ ਇਹ ਇੱਕ ਸਭਿਆਚਾਰਕ ਤੇ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਖੂਬ ਪਸੰਦ ਆਵੇਗੀ। ਅਦਾਕਾਰਾ ਨਿਮਰਤ ਖਹਿਰਾ ਨੇ ਕਿਹਾ ਕਿ ਫ਼ਿਲਮ ਵਿੱਚ ਕੰਮ ਕਰਦੇ ਸਾਰੇ ਅਦਾਕਾਰਾਂ ਦੇ ਵਧੀਆ ਤਾਲਮੇਲ ਕਾਰਨ ਇਹ ਫ਼ਿਲਮ ਬਹੁਤ ਵਧੀਆ ਬਣੀ ਹੈ। ਲੇਖਕ ਇੰਦਰਜੀਤ ਮੋਗਾ ਨੇ ਦੱਸਿਆ ਕਿ ਫ਼ਿਲਮ 1930 ਦੇ ਦਹਾਕੇ ਦੀ ਮਜ਼ੇਦਾਰ ਕਹਾਣੀ ’ਤੇ ਆਧਾਰਤ ਹੈ। ਇਹ ਫ਼ਿਲਮ 2 ਚਚੇਰੇ ਭਰਾਵਾਂ ਸੁੱਚਾ ਅਤੇ ਗੱਜਣ ਸਿੰਘ ਅਤੇ ਗੱਜਣ ਤੇ ਪਿਆਰੋ ਦੇ ਅਨੋਖੇ ਵਿਆਹ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਮੌਕੇ ਗੁੱਗੂ ਗਿੱਲ, ਬੀਐੱਨ ਸ਼ਰਮਾ, ਸਰਦਾਰ ਸੋਹੀ, ਧੂਤਾ ਪਿੰਡੀ ਆਲਾ ਆਦਿ ਹਾਜ਼ਰ ਸਨ।
previous post