ਚੰਡੀਗੜ੍ਹ- ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਦਿਨੀਂ ਭਾਰੀ ਮੀਂਹ ਤੇ ਬਦਲ ਫੱਟਣ ਕਰਕੇ ਮਚੀ ਤਬਾਹੀ ਦੌਰਾਨ ਸਿਆਸੀ ਪਾਰਟੀਆਂ ਦੇ ਆਗੂ ਜਿੱਥੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਇਕ ਦੂਜੇ ਸਿਰ ਇਲਜ਼ਾਮਤਰਾਸ਼ੀ ਕਰ ਰਹੇ ਹਨ, ਉਥੇ ਮੰਡੀ ਜ਼ਿਲ੍ਹੇ ਵਿਚ ਹੜ੍ਹ ਦੇ ਝੰਬੇ ਸਿਰਾਜ ਵਿਚ ਸਰਬਜੀਤ ਸਿੰਘ ਬੌਬੀ ਦੇ ਨਾਂ ਦੇ ਸ਼ਖ਼ਸ ਨੇ ਅੱਗੇ ਹੋ ਕੇ ਮਦਦ ਦਾ ਹੱਥ ਵਧਾਇਆ ਹੈ। ਬੌਬੀ ਸ਼ਿਮਲਾ ਵਿਚ ਜੁੱਤੀਆਂ ਦੀ ਦੁਕਾਨ ਦਾ ਮਾਲਕ ਹੈ। ਬੌਬੀ ਨੇ ਬਿਨਾਂ ਕਿਸੇ ਪ੍ਰਚਾਰ ਦੇ ਰਾਹਤ ਸਮੱਗਰੀ ਨਾਲ ਭਰੇ ਦੋ ਟਰੱਕ ਭੇਜੇ। ਇਨ੍ਹਾਂ ਵਿੱਚ 5,000 ਕਿਲੋ ਚੌਲ, 1,800 ਕਿਲੋ ਦਾਲ, 1,500 ਕੰਬਲ, 600 ਸੌਣ ਵਾਲੀਆਂ ਚਟਾਈਆਂ ਅਤੇ 21,000 ਰੁਪਏ ਦੇ ਭਾਂਡੇ ਸ਼ਾਮਲ ਸਨ, ਜਿਸ ਨਾਲ ਕੁਦਰਤ ਦੀ ਮਾਰ ਝੱਲ ਰਹੇ ਪਰਿਵਾਰਾਂ ਨੂੰ ਲੋੜੀਂਦੀ ਮਦਦ ਮਿਲੀ।
ਨਿਰਸਵਾਰਥ ਸੇਵਾ ਲਈ ਮਕਬੂਲ ਬੌਬੀ ਪਿਛਲੇ ਇੱਕ ਦਹਾਕੇ ਤੋਂ ਲੋੜਵੰਦਾਂ ਦੀ ਮਦਦ ਕਰਦਾ ਆ ਰਿਹਾ ਹੈ, ਜਿਸ ਵਿਚ ਲਾਵਾਰਿਸ ਲਾਸ਼ਾਂ ਲਈ 24×7 ਮੁਫ਼ਤ ਅੰਤਿਮ ਸੰਸਕਾਰ ਵੈਨ ਚਲਾਉਣ ਤੋਂ ਲੈ ਕੇ, ਖੂਨਦਾਨ ਕੈਂਪਾਂ ਦਾ ਆਯੋਜਨ ਅਤੇ ਯਤੀਮਖਾਨਿਆਂ ਤੇ ਬਿਰਧ ਆਸ਼ਰਮਾਂ ਦੀ ਮਦਦ ਆਦਿ ਸ਼ਾਮਲ ਹਨ। ਬੌਬੀ ਨੇ 2014 ਵਿੱਚ IGMC ਸ਼ਿਮਲਾ ਵਿੱਚ ਹਿਮਾਚਲ ਦੀ ਪਹਿਲੀ ਮੁਫ਼ਤ ਕੰਟੀਨ ਸ਼ੁਰੂ ਕੀਤੀ ਸੀ, ਜਿੱਥੇ ਗਰੀਬ ਮਰੀਜ਼ਾਂ ਅਤੇ ਉਨ੍ਹਾਂ ਦੇ ਤਿਮਾਰਦਾਰਾਂ ਨੂੰ ਰੋਜ਼ਾਨਾ ਚਾਹ, ਬਿਸਕੁਟ ਅਤੇ ਭੋਜਨ ਦਿੱਤਾ ਜਾਂਦਾ ਸੀ। ਬੌਬੀ ਨੇ ਕਿਹਾ, ‘‘ਮੈਂ ਸਿਰਫ਼ ਇੱਕ ਆਮ ਆਦਮੀ ਹਾਂ, ਪਰ ਮੈਨੂੰ ਉਮੀਦ ਹੈ ਕਿ ਦੇਸ਼ ਭਰ ਵਿੱਚ ਮੇਰੇ ਵਰਗੇ ਬਹੁਤ ਸਾਰੇ ਹੋਣਗੇ।’’