ਨਵੀਂ ਦਿੱਲੀ- ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅਮਰੀਕੀ ਟ੍ਰੇਡਿੰਗ ਕੰਪਨੀ ‘ਜੇਨ ਸਟਰੀਟ’ ਨਾਲ ਜੁੜੇ ਮਾਮਲੇ ’ਚ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਆਮ ਨਿਵੇਸ਼ਕਾਂ ਨੂੰ ਬਰਬਾਦੀ ਵੱਲ ਧੱਕ ਦਿੱਤਾ ਹੈ। ਰਾਹੁਲ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਉਨ੍ਹਾਂ ਐੱਫਐਂਡਓ (ਫਿਊਚਰ ਐਂਡ ਆਪਸ਼ਨ) ਮਾਰਕੀਟ ’ਚ ਚੋਰ ਮੋਰੀਆਂ ਦੀ ਪੇਸ਼ੀਨਗੋਈ ਕੀਤੀ ਸੀ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਸ਼ੇਅਰ ਬਾਜ਼ਾਰ ਦੀ ਨਿਗਰਾਨ ਸੇਬੀ ਇੰਨੇ ਲੰਬੇ ਸਮੇਂ ਤੱਕ ਖਾਮੋਸ਼ ਕਿਉਂ ਰਹੀ ਅਤੇ ਕੀ ਸਰਕਾਰ ਦੇ ਇਸ਼ਾਰੇ ’ਤੇ ਉਸ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸਨ? ਸੇਬੀ ਨੇ 4 ਜੁਲਾਈ ਨੂੰ ਅਮਰੀਕੀ ਕੰਪਨੀ ‘ਜੇਨ ਸਟਰੀਟ’ ’ਤੇ ਸ਼ੇਅਰ ਬਾਜ਼ਾਰ ’ਚ ਕਾਰੋਬਾਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਉਸ ਨੂੰ ਗ਼ੈਰਕਾਨੂੰਨੀ ਢੰਗ ਨਾਲ ਕਮਾਏ ਲਾਭ ਦੇ 4,843 ਕਰੋੜ ਰੁਪਏ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਾਹੁਲ ਨੇ ਕਿਹਾ, ‘‘ਮੈਂ ਪਿਛਲੇ ਸਾਲ ਵੀ ਆਖਿਆ ਸੀ ਕਿ ਐੱਫਐਂਡਓ ਬਾਜ਼ਾਰ ਵੱਡੇ ਖਿਡਾਰੀਆਂ ਦੀ ਖੇਡ ਬਣ ਚੁੱਕਿਆ ਹੈ ਤੇ ਛੋਟੇ ਨਿਵੇਸ਼ਕਾਂ ਦੀ ਜੇਬ ਲਗਾਤਾਰ ਕੱਟੀ ਜਾ ਰਹੀ ਹੈ।’’ ਭਾਜਪਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਘੇਰਦਿਆਂ ਕਿਹਾ ਕਿ ਉਹ ਸ਼ੇਅਰ ਬਾਜ਼ਾਰ ਬਾਰੇ ਡਰ ਅਤੇ ਗਲਤ ਜਾਣਕਾਰੀ ਫੈਲਾ ਰਹੇ ਹਨ। ਪਾਰਟੀ ਨੇ ਕਿਹਾ ਕਿ ਲੱਖਾਂ ਪਰਚੂਨ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਤੋਂ ਪੈਸਾ ਬਣਾਇਆ ਹੈ। ਭਾਜਪਾ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਰਾਹੁਲ ਦੇ ਬਿਆਨ ’ਤੇ ਵਰ੍ਹਦਿਆਂ ਕਿਹਾ ਕਿ ਸੇਬੀ ਵੱਲੋਂ ਵਿਦੇਸ਼ੀ ਕੰਪਨੀ ’ਤੇ ਪਾਬੰਦੀ ਲਗਾਉਣ ਦੀ ਕਾਰਵਾਈ ਸਪੱਸ਼ਟ ਸਬੂਤ ਹੈ ਕਿ ਛੋਟੇ ਨਿਵੇਸ਼ਕਾਂ ਦੀ ਸੁਰੱਖਿਆ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨੂੰ ਰਾਹੁਲ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
previous post