ਕੋਟਕਪੂਰਾ- ਫਰੀਦਕੋਟ ਜ਼ਿਲ੍ਹੇ ਵਿੱਚ ਅੱਜ ਲਗਾਤਾਰ ਦੂਸਰੇ ਦਿਨ ਕਤਲ ਦੀ ਵਾਰਦਾਤ ਹੋਈ ਹੈ। ਪਿੰਡ ਕੰਮੇਆਣਾ ਵਿਖੇ ਇੱਕ ਵਿਅਕਤੀ ਦੇ ਸਿਰ ਵਿੱਚ ਸੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਇੰਦਰੂ (50 ਸਾਲ) ਵਜੋਂ ਹੋਈ ਹੈ। ਥਾਣਾ ਸਦਰ ਪੁਲੀਸ ਨੇ ਕੇਸ ਦਰਜ ਕਰ ਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਐਸਪੀ ਸੰਦੀਪ ਵਡੇਰਾ ਅਨੁਸਾਰ ਪੁਲੀਸ ਨੂੰ ਇਸ ਕਤਲ ਬਾਰੇ ਸੂਚਨਾ ਮਿਲੀ ਤਾਂ ਮੌਕੇ ‘ਤੇ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਰਜੇਸ਼ ਕੁਮਾਰ ਆਪਣੀ ਟੀਮ ਨਾਲ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀਆਂ ਦੋ ਸ਼ਾਦੀਆਂ ਹੋਈਆਂ ਸਨ ਪਰ ਪਿੰਡ ਵਿੱਚ ਉਹ ਇਕੱਲਾ ਹੀ ਰਹਿੰਦਾ ਸੀ ਅਤੇ ਇੱਥੇ ਉਸ ਕੋਲ ਭੇਡਾਂ ਰੱਖੀਆਂ ਹੋਈਆਂ ਸਨ।
ਉਨ੍ਹਾਂ ਦੱਸਿਆ ਕਿ ਇਸੇ ਭੇਡਾਂ ਵਾਲੇ ਵਾੜੇ ਵਿੱਚ ਹੀ ਉਹ ਰਾਤ ਨੂੰ ਸੁੱਤਾ ਸੀ ਤੇ ਸਵੇਰੇ ਗਵਾਂਢੀਆਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਪੁਲੀਸ ਨੂੰ ਇਸ ਕਤਲ ਬਾਰੇ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਮੌਕੇ ਤੋਂ ਸ਼ਰਾਬ ਦੀ ਇੱਕ ਖਾਲੀ ਬੋਤਲ ਵੀ ਮਿਲੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਬੀਤੀ ਰਾਤ ਉਸਦੇ ਨਾਲ ਕੁਝ ਹੋਰ ਵਿਅਕਤੀ ਵੀ ਸਨ, ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਜ਼ਿਲ੍ਹੇ ਦੇ ਪਿੰਡ ਸੰਧਵਾਂ ਵਿੱਚ ਵੀ ਇੱਕ ਕਿਸਾਨ ਦਾ ਪਾਣੀ ਲਾਉਣ ਗਏ ਦਾ ਕਤਲ ਹੋ ਗਿਆ ਸੀ ਅਤੇ ਇਸ ਮਾਮਲੇ ਵਿੱਚ ਪੁਲੀਸ ਨੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਦੌਰਾਨ ਅੱਜ ਲਗਾਤਾਰ ਦੂਜੇ ਦਿਨ ਇਹ ਕੰਮੇਆਣਾ ਵਿਚ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ।