ਤਾਮਿਲ ਨਾਡੂ- ਇਥੇ ਸੇਮਾਨਗੁਪਮ ਵਿਚ ਰੇਲਵੇ ਕਰਾਸਿੰਗ ’ਤੇ ਅੱਜ ਸਵੇਰੇ ਯਾਤਰੀ ਰੇਲਗੱਡੀ ਦੇ ਸਕੂਲ ਵੈਨ ਨਾਲ ਟਕਰਾਉਣ ਕਰਕੇ ਦੋ ਵਿਦਿਆਰਥੀਆਂ (12 ਸਾਲਾ ਲੜਕੇ ਤੇ 16 ਸਾਲਾ ਲੜਕੀ) ਦੀ ਮੌਤ ਹੋ ਗਈ। ਰੇਲਗੱਡੀ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਲ ਵੈਨ ਦੂਰ ਜਾ ਕੇ ਡਿੱਗੀ। ਲੋਕੋ ਪਾਇਲਟ ਰੇਲਗੱਡੀ ਨੂੰ ਕਿਸੇ ਤਰ੍ਹਾਂ ਰੋਕਣ ਵਿਚ ਕਾਮਯਾਬ ਰਿਹਾ। ਰੇਲਵੇ ਨੇ ਸੁਰੱਖਿਆ ਨੇਮਾਂ ਦੀ ਉਲੰਘਣਾ ਬਦਲੇ ਰੇਲਵੇ ਕਰਾਸਿੰਗ ’ਤੇ ਤਾਇਨਾਤ ਗੇਟਕੀਪਰ ਨੂੰ ਮੁਅੱਤਲ ਕਰ ਦਿੱਤਾ ਹੈ।ਰੇਲਵੇ ਨੇ ਪੀਤੜਾਂ ਦੇ ਵਾਰਸਾਂ ਲਈ 5-5 ਲੱਖ ਰਪਏ, ਗੰਭੀਰ ਜ਼ਖ਼ਮੀਆਂ ਲਈ ਢਾਈ ਢਾਈ ਲੱਖ ਜਦੋਂਕਿ ਮਾਮੂਲੀ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਨੇ ਹਾਦਸੇ ਵਿਚ ਵਿਦਿਆਰਥੀਆਂ ਦੀ ਮੌਤ ’ਤੇ ਦੁੱਖ ਜਤਾਉਂਦਿਆਂ ਪੀੜਤਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੌਕੇ ’ਤੇ ਪੁੱਜੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਹਾਦਸੇ ਮਗਰੋਂ ਭੜਕੇ ਲੋਕ ਗੇਟਕੀਪਰ ਦੇ ਦੁਆਲੇ ਹੋ ਗਏ, ਪਰ ਮੌਕੇ ’ਤੇ ਪੁੱਜੇ ਐੱਸਪੀ ਜੈ.ਕੁਮਾਰ ਨੇ ਵਿਚ ਪੈ ਕੇ ਉਸ ਦਾ ਬਚਾਅ ਕੀਤਾ। ਹਾਦਸੇ ਵਿਚ ਸਕੂਲ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ।