ਮੁੰਬਈ- ਫ਼ਿਲਮ ‘ਸਰਦਾਰ ਜੀ 3’ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਨੂੰ ਲੈ ਕੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਹੱਕ ਵਿਚ ਖੜ੍ਹਨ ਕਰਕੇ ਅਦਾਕਾਰ ਨਸੀਰੂਦੀਨ ਸ਼ਾਹ ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਦੇ ਨਿਸ਼ਾਨੇ ’ਤੇ ਆ ਗਏ ਹਨ। ਸ਼ਾਹ ਨੇ ਸੋਮਵਾਰ ਨੂੰ ਫੇਸਬੁੱਕ ਪੋਸਟ ਵਿਚ ਆਪਣੇ ਵਿਚਾਰ ਸਾਂਝੇ ਕੀਤੇ ਸਨ, ਜਿਸ ਨੂੰ ਮਗਰੋਂ ਹਟਾ ਦਿੱੱਤਾ।
ਦੱਖਣੀ ਮੁੰਬਈ ਦੇ ਵਿਧਾਨ ਭਵਨ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਭਾਜਪਾ ਵਿਧਾਇਕ ਰਾਮ ਕਦਮ ਨੇ ਸ਼ਾਹ ਦੀਆਂ ਟਿੱਪਣੀਆਂ ਨੂੰ ਹਿੰਦੂ ਵਿਰੋਧੀ ਕਰਾਰ ਦਿੱਤਾ ਅਤੇ ਜਨਤਕ ਮੁਆਫ਼ੀ ਦੀ ਮੰਗ ਕੀਤੀ।
ਕਦਮ ਨੇ ਕਿਹਾ ਕਿ ਸ਼ਾਹ ਨੇ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕਦਮ ਨੇ ਕਿਹਾ ਕਿ ਨਸੀਰੂਦੀਨ ਸ਼ਾਹ ਕੈਲਾਸਾ ਦੀ ਤੁਲਨਾ ਪਾਕਿਸਤਾਨ ਨਾਲ ਕਿਉਂ ਕਰ ਰਹੇ ਹਨ? ਕਦਮ ਨੇ ਸ਼ਾਹ ਦੀ ਉਸ ਪੋਸਟ ਦਾ ਹਵਾਲਾ ਦਿੰਦੇ ਹੋਏ ਪੁੱਛਿਆ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਪਾਕਿਸਤਾਨ ਚਲੇ ਜਾਓ’ ਕਹਿਣ ਵਾਲਿਆਂ ਨੂੰ ਕੈਲਾਸਾ ਜਾਣਾ ਚਾਹੀਦਾ ਹੈ। ਕਦਮ ਨੇ ਕਿਹਾ, ‘‘ਕੀ ਸ਼ਾਹ ਪਹਿਲਗਾਮ ਦਹਿਸ਼ਤੀ ਹਮਲੇ ਨੂੰ ਭੁੱਲ ਗਏ ਹਨ?’’ ਕਦਮ ਨੇ ਕਿਹਾ ਕਿ ਅਦਾਕਾਰ ਨੇ ਭਾਰਤ ਦੇ ਬਹਾਦਰ ਫ਼ੌਜੀਆਂ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ, ‘‘ਇਹ ਸੁਰਖੀਆਂ ਵਿੱਚ ਰਹਿਣ ਲਈ ਇੱਕ ਸਟੰਟ ਹੈ।’’