ਨਵੀਂ ਦਿੱਲੀ- ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ RailOne ਮੋਬਾਈਲ ਐਪਲੀਕੇਸ਼ਨ ਲਾਂਚ ਕਰਦਿਆਂ ਰੇਲ ਯਾਤਰੀਆਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਹੈ। ਇਹ ਐਪ ਯਾਤਰੀਆਂ ਨੂੰ ਕਈ ਸੇਵਾਵਾਂ ਜਿਵੇਂ ਕਿ ਟਿਕਟ ਬੁਕਿੰਗ, ਟ੍ਰੇਨ ਅਤੇ PNR ਪੁੱਛਗਿੱਛ, ਯਾਤਰਾ ਦੀ ਯੋਜਨਾਬੰਦੀ, ਰੇਲ ਹੈਲਪ ਸੇਵਾਵਾਂ ਅਤੇ ਭੋਜਨ ਬੁਕਿੰਗ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗੀ।
ਵੈਸ਼ਨਵ ਨੇ ਸੈਂਟਰ ਫਾਰ ਰੇਲਵੇ ਇਨਫਰਮੇਸ਼ਨ ਸਿਸਟਮਜ਼ (CRIS) ਦੇ 40ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਇਸ ਐਪ ਦਾ ਉਦਘਾਟਨ ਕੀਤਾ। ਇਹ ਐਪ ਐਂਡਰਾਇਡ ਪਲੇਅ ਸਟੋਰ ਅਤੇ iOS ਐਪ ਸਟੋਰ ਦੋਵਾਂ ਪਲੇਟਫਾਰਮਾਂ ’ਤੇ ਉਪਲਬਧ ਹੈ।
ਰੇਲਵੇ ਮੰਤਰਾਲਾ ਦੇ ਪ੍ਰੈਸ ਨੋਟ ਅਨੁਸਾਰ, “RailOne ਐਪ ਯਾਤਰੀਆਂ ਦੀਆਂ ਸਾਰੀਆਂ ਲੋੜਾਂ ਲਈ ਇੱਕ ਇੱਕ ਵੱਡਾ ਹੱਲ ਹੈ। ਇਸ ਐਪ ਰਾਹੀਂ ਯਾਤਰੀਆਂ ਨੂੰ ਟਿਕਟਿੰਗ – ਰਿਜ਼ਰਵਡ, ਅਣਰਿਜ਼ਰਵਡ, ਪਲੇਟਫਾਰਮ ਟਿਕਟਾਂ; ਟ੍ਰੇਨ ਅਤੇ PNR ਪੁੱਛਗਿੱਛ; ਯਾਤਰਾ ਦੀ ਯੋਜਨਾਬੰਦੀ; ਰੇਲ ਹੈਲਪ ਸੇਵਾਵਾਂ; ਟ੍ਰੇਨ ਵਿੱਚ ਭੋਜਨ ਬੁਕਿੰਗ ਦੀਆਂ ਸੇਵਾਵਾਂ ਮਿਲਣਗੀਆਂ।’’ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਮਾਲ ਢੋਆ-ਢੁਆਈ ਨਾਲ ਸਬੰਧਤ ਪੁੱਛਗਿੱਛ ਦੀਆਂ ਸਹੂਲਤਾਂ ਵੀ ਉਪਲਬਧ ਹਨ।
ਐਪ ਦੇ ਮੂਲ ਉਦੇਸ਼ ਨੂੰ ਉਜਾਗਰ ਕਰਦੇ ਹੋਏ ਮੰਤਰਾਲੇ ਨੇ ਕਿਹਾ ਕਿ ਇਹ ਇੱਕ ਸਧਾਰਨ ਅਤੇ ਸਪੱਸ਼ਟ ਯੂਜ਼ਰ ਇੰਟਰਫੇਸ ਰਾਹੀਂ ਉਪਭੋਗਤਾਵਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰੇਗਾ। ਮੰਤਰਾਲੇ ਨੇ ਕਿਹਾ, “ਇਹ ਸਾਰੀਆਂ ਸੇਵਾਵਾਂ ਨੂੰ ਇੱਕ ਥਾਂ ’ਤੇ ਹੀ ਨਹੀਂ ਰੱਖਦਾ, ਬਲਕਿ ਸੇਵਾਵਾਂ ਦੇ ਵਿਚਕਾਰ ਇੱਕ ਏਕੀਕ੍ਰਿਤ ਕਨੈਕਟੀਵਿਟੀ ਵੀ ਪ੍ਰਦਾਨ ਕਰਦਾ ਹੈ, ਜੋ ਉਪਭੋਗਤਾ ਨੂੰ ਭਾਰਤੀ ਰੇਲਵੇ ਸੇਵਾਵਾਂ ਦਾ ਇੱਕ ਸੰਪੂਰਨ ਪੈਕੇਜ ਦਿੰਦਾ ਹੈ।”
ਇਸ ਐਪ ਦੀ ਇੱਕ ਖਾਸ ਵਿਸ਼ੇਸ਼ਤਾ ਸਿੰਗਲ ਸਾਈਨ-ਆਨ ਹੈ, ਜੋ ਉਪਭੋਗਤਾਵਾਂ ਨੂੰ ਕਈ ਪਾਸਵਰਡ ਯਾਦ ਰੱਖਣ ਦੀ ਲੋੜ ਨੂੰ ਖਤਮ ਕਰਦੀ ਹੈ। ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ, “RailOne ਐਪ ਡਾਊਨਲੋਡ ਕਰਨ ਤੋਂ ਬਾਅਦ, ਕੋਈ ਵੀ RailConnect ਜਾਂ UTSonMobile ਐਪ ਦੇ ਮੌਜੂਦਾ ਯੂਜ਼ਰ ID ਦੀ ਵਰਤੋਂ ਕਰਕੇ ਲੌਗਇਨ ਕਰ ਸਕਦਾ ਹੈ। ਇਸ ਨਾਲ ਉਪਭੋਗਤਾਵਾਂ ਨੂੰ ਵੱਖ-ਵੱਖ ਸੇਵਾਵਾਂ ਲਈ ਵੱਖਰੀਆਂ ਐਪਲੀਕੇਸ਼ਨਾਂ ਰੱਖਣ ਦੀ ਲੋੜ ਖਤਮ ਹੋ ਜਾਂਦੀ ਹੈ।’’
ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਹੈ ਕਿ “R-Wallet (ਰੇਲਵੇ ਈ-ਵਾਲਿਟ) ਦੀ ਸਹੂਲਤ ਵੀ ਇਸ ਐਪ ਵਿੱਚ ਸ਼ਾਮਲ ਕੀਤੀ ਗਈ ਹੈ। ਨਿਊਮੇਰਿਕ mPIN ਅਤੇ ਬਾਇਓਮੀਟ੍ਰਿਕ ਲੌਗਇਨ ਵਰਗੀਆਂ ਆਸਾਨ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਨਵੇਂ ਉਪਭੋਗਤਾਵਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਆਸਾਨ ਅਤੇ ਤੇਜ਼ ਬਣਾਈ ਗਈ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੋ ਉਪਭੋਗਤਾ ਸਿਰਫ ਪੁੱਛਗਿੱਛ ਕਰਨਾ ਚਾਹੁੰਦੇ ਹਨ, ਉਹ ਆਪਣੇ ਮੋਬਾਈਲ ਨੰਬਰ ਅਤੇ OTP ਨਾਲ ਗੈਸਟ ਲੌਗਇਨ ਰਾਹੀਂ ਵੀ ਲੌਗਇਨ ਕਰ ਸਕਦੇ ਹਨ।