ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਸਥਾਨਕ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਅਗਲੇ 24 ਘੰਟਿਆਂ ਵਿੱਚ ਸੱਤ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਘੱਟ ਤੋਂ ਦਰਮਿਆਨੇ ਅਚਾਨਕ ਹੜ੍ਹਾਂ ਦੇ ਖ਼ਤਰੇ ਦੀ ਚੇਤਾਵਨੀ ਦਿੱਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਚੰਬਾ, ਕਾਂਗੜਾ, ਮੰਡੀ, ਕੁੱਲੂ, ਸ਼ਿਮਲਾ, ਸੋਲਨ ਅਤੇ ਸਿਰਮੌਰ ਸ਼ਾਮਲ ਹਨ।
ਮੌਸਮ ਵਿਭਾਗ ਨੇ ਅਗਲੇ ਸੋਮਵਾਰ ਤੱਕ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਦੀ ਚੇਤਾਵਨੀ ਦਿੰਦੇ ਹੋਏ ‘ਯੈਲੋ’ ਅਲਰਟ ਵੀ ਜਾਰੀ ਕੀਤਾ ਹੈ। ਰਾਜ ਐਮਰਜੈਂਸੀ ਅਪਰੇਸ਼ਨ ਸੈਂਟਰ (SEOC) ਅਨੁਸਾਰ ਕੁੱਲ 225 ਸੜਕਾਂ, ਜਿਨ੍ਹਾਂ ਵਿੱਚੋਂ 153 ਸਭ ਤੋਂ ਵੱਧ ਪ੍ਰਭਾਵਿਤ ਮੰਡੀ ਜ਼ਿਲ੍ਹੇ ਵਿੱਚ ਹਨ, ਬੰਦ ਹਨ। ਇਸ ਤੋਂ ਇਲਾਵਾ ਰਾਜ ਵਿੱਚ 163 ਟਰਾਂਸਫਾਰਮਰ ਅਤੇ 174 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਹਿਮਾਚਲ ਪ੍ਰਦੇਸ਼ ਵਿੱਚ 1 ਜੂਨ ਤੋਂ 8 ਜੁਲਾਈ ਤੱਕ ਆਮ 152.6 ਮਿਲੀਮੀਟਰ ਦੇ ਮੁਕਾਬਲੇ 203.2 ਮਿਲੀਮੀਟਰ ਮੀਂਹ ਪਿਆ ਹੈ।