ਮੁੰਬਈ- ਅਡਾਨੀ ਗਰੁੱਪ ਨੇ ਅਗਲੇ ਪੰਜ ਸਾਲਾਂ ਵਿੱਚ ਆਪਣੇ ਹਵਾਈ ਅੱਡਿਆਂ ਦੇ ਕਾਰੋਬਾਰ ਵਿੱਚ 1 ਲੱਖ ਕਰੋੜ ਰੁਪਏ ਨਿਵੇਸ਼ ਕਰਨ ਦੀ ਵੱਡੀ ਯੋਜਨਾ ਬਣਾਈ ਹੈ। ਗਰੁੱਪ ਨੂੰ ਭਾਰਤੀ ਹਵਾਨਬਾਜ਼ੀ (Aviation) ਖੇਤਰ ਵਿੱਚ ਸਾਲਾਨਾ 15-16 ਫੀਸਦੀ ਵਾਧੇ ਦੀ ਉਮੀਦ ਹੈ। ਅਡਾਨੀ ਏਅਰਪੋਰਟਸ ਦੇ ਡਾਇਰੈਕਟਰ ਜੀਤ ਅਡਾਨੀ ਨੇ ਦੱਸਿਆ ਕਿ ਇਹ ਨਿਵੇਸ਼ ਭਾਰਤ ਦੇ ਵਧਦੇ ਹਵਾਬਾਜ਼ੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤਾ ਜਾਵੇਗਾ।ਅਡਾਨੀ ਗਰੁੱਪ ਦੇ ਪੋਰਟਫੋਲੀਓ ਵਿੱਚ ਸਭ ਤੋਂ ਨਵਾਂ ਨਾਂ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦਾ ਜੁੜਨ ਜਾ ਰਿਹਾ ਹੈ, ਜਿੱਥੇ 25 ਦਸੰਬਰ ਤੋਂ ਵਪਾਰਕ ਉਡਾਣਾਂ ਸ਼ੁਰੂ ਹੋਣਗੀਆਂ।
ਲਗਭਗ 19,650 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਹਵਾਈ ਅੱਡੇ ਦੇ ਪਹਿਲੇ ਪੜਾਅ ਦੀ ਸਮਰੱਥਾ ਸਾਲਾਨਾ 2 ਕਰੋੜ ਯਾਤਰੀਆਂ ਦੀ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿੱਚ 9 ਕਰੋੜ ਤੱਕ ਵਧਾਇਆ ਜਾਵੇਗਾ। ਇਸ ਨਾਲ ਮੁੰਬਈ ਦੇ ਮੌਜੂਦਾ ਹਵਾਈ ਅੱਡੇ ’ਤੇ ਯਾਤਰੀਆਂ ਦਾ ਬੋਝ ਘੱਟ ਹੋਵੇਗਾ।ਅਡਾਨੀ ਗਰੁੱਪ ਇਸ ਸਮੇਂ ਮੁੰਬਈ ਤੋਂ ਇਲਾਵਾ ਅਹਿਮਦਾਬਾਦ, ਲਖਨਊ, ਗੁਹਾਟੀ, ਤਿਰੂਵਨੰਤਪੁਰਮ, ਜੈਪੁਰ ਅਤੇ ਮੰਗਲੁਰੂ ਸਮੇਤ ਅੱਠ ਹਵਾਈ ਅੱਡਿਆਂ ਦਾ ਸੰਚਾਲਨ ਕਰ ਰਿਹਾ ਹੈ।
ਜੀਤ ਅਡਾਨੀ ਨੇ ਕਿਹਾ ਕਿ ਸਰਕਾਰ ਵੱਲੋਂ ਅਗਲੇ ਪੜਾਅ ਵਿੱਚ ਨਿੱਜੀਕਰਨ ਲਈ ਰੱਖੇ ਜਾਣ ਵਾਲੇ ਸਾਰੇ 11 ਹਵਾਈ ਅੱਡਿਆਂ ਲਈ ਗਰੁੱਪ ਬਹੁਤ ਹੀ ਹਮਲਾਵਰ (Aggressive) ਤਰੀਕੇ ਨਾਲ ਬੋਲੀ ਲਗਾਏਗਾ। ਅਡਾਨੀ ਏਅਰਪੋਰਟ ਹੋਲਡਿੰਗਜ਼ ਲਿਮਟਿਡ (AAHL) ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਏਅਰਪੋਰਟ ਆਪਰੇਟਰ ਹੈ। ਭਾਰਤ ਦੇ ਕੁੱਲ ਹਵਾਈ ਯਾਤਰੀਆਂ ਦਾ 23 ਫੀਸਦੀ ਅਤੇ ਕਾਰਗੋ (ਮਾਲ-ਢੋਆ-ਢੁਆਈ) ਦਾ 33 ਫੀਸਦੀ ਹਿੱਸਾ ਅਡਾਨੀ ਗਰੁੱਪ ਦੇ ਹਵਾਈ ਅੱਡਿਆਂ ਰਾਹੀਂ ਹੀ ਲੰਘਦਾ ਹੈ।
ਗਰੁੱਪ ਹੁਣ ਜਹਾਜ਼ਾਂ ਦੀ ਮੁਰੰਮਤ (MRO) ਅਤੇ ਪਾਇਲਟ ਸਿਖਲਾਈ ਕੇਂਦਰਾਂ ਵਰਗੇ ਖੇਤਰਾਂ ਵਿੱਚ ਵੀ ਆਪਣੀ ਪਕੜ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜੀਤ ਅਡਾਨੀ ਅਨੁਸਾਰ ਭਾਰਤ ਵਿੱਚ ਪ੍ਰਤੀ ਵਿਅਕਤੀ ਹਵਾਈ ਯਾਤਰਾ ਚੀਨ ਦੇ ਮੁਕਾਬਲੇ ਬਹੁਤ ਘੱਟ ਹੈ, ਜਿਸ ਕਾਰਨ ਇਸ ਖੇਤਰ ਵਿੱਚ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ।
