ਹਸਪਤਾਲ ਸੰਭਾਲਣ ਦਾ ਲਾਲਚ ਦੇ ਸੱਦਿਆ ਮਲੋਟ ਤੇ ਫਿਰ ਲੰਬੀ- ਪੀੜਤਾ ਬਠਿੰਡਾ ਵਿੱਚ ਮੈਡੀਕਲ ਖੇਤਰ ਵਿੱਚ ਪ੍ਰਾਈਵੇਟ ਪੀ ਆਰ ਓ ਵਜੋਂ ਨੌਕਰੀ ਕਰਦੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸ਼ੁਰੂਆਤ 27 ਨਵੰਬਰ ਨੂੰ ਹੋਈ ਜਦੋਂ ਉਹ ਇੱਕ ਡਾਕਟਰ ਜਸਵੀਰ ਸਿੰਘ ਦੇ ਕਲੀਨਿਕ ‘ਤੇ ਗਈ। ਉੱਥੇ ਮਿਲੇ ਇੱਕ ਮੋਬਾਈਲ ਨੰਬਰ ’ਤੇ ਕਾਲ ਕਰਦੇ ਸਮੇਂ ਗਲਤੀ ਨਾਲ ਇੱਕ ਅੰਕ ਬਦਲ ਗਿਆ ਅਤੇ ਫੋਨ ਕਿਸੇ ਅਣਜਾਣ ਵਿਅਕਤੀ ਨੂੰ ਲੱਗ ਗਿਆ। ਕਾਲ ਰਸੀਵ ਕਰਨ ਵਾਲੇ ਸਾਰਜ ਸਿੰਘ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਪਹਿਲਾਂ ਖੁਦ ਨੂੰ ਡਾਕਟਰ ਅਤੇ ਮਗਰੋਂ ਏਮਜ਼ ਬਠਿੰਡਾ ਦਾ ਕਰਮਚਾਰੀ ਦੱਸ ਕੇ ਲਗਾਤਾਰ ਗੱਲਬਾਤ ਜਾਰੀ ਰੱਖੀ। ਦੋ-ਚਾਰ ਦਿਨ ਤੋ ਮੁਲਜ਼ਮ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਡਾਕਟਰ ਵੱਲੋਂ ਛੇਤੀ ਬਾਹਰ ਜਾਣ ਦੀ ਗੱਲ ਆਖ ਕੇ ਹਸਪਤਾਲ ਸੰਭਾਲਣ ਦੀ ਵਾਰ-ਵਾਰ ਗੱਲ ਆਖਦਾ ਰਿਹਾ।
5 ਦਸੰਬਰ ਨੂੰ ਮੁਲਜ਼ਮ ਵੱਲੋਂ ਤੁਰੰਤ ਸੱਦਣ ’ਤੇ ਪੀੜਤਾ ਬੱਸ ਰਾਹੀਂ ਮਲੋਟ ਪੁੱਜ ਪਹੁੰਚੀ, ਜਿਥੋਂ ਮੁਲਜ਼ਮ ਨੇ ਉਸ ਨੂੰ ਲੰਬੀ ਬੁਲਾ ਲਿਆ। ਜਿੱਥੇ ਮੁਲਜ਼ਮ ਮੂੰਹ ਢੱਕ ਕੇ ਮੋਟਰਸਾਈਕਲ ’ਤੇ ਆਇਆ ਅਤੇ ਡਾਕਟਰ ਕੋਲ ਲਿਜਾਣ ਲਈ ਨਾਲ ਬਿਠਾ ਕੇ ਉਸ ਨੂੰ ਲੰਬੀ ਤੋਂ ਦੂਰ ਇੱਕ ਲਿੰਕ ਰੋਡ ’ਤੇ ਨਹਿਰ ਕੰਢੇ ਬਣੀ ਇੱਕ ਸੁੰਨਸਾਨ ਕੋਠੜੀ ਵਿੱਚ ਲੈ ਗਿਆ।
ਕੁੱਟਮਾਰ ਕਰਦਿਆਂ ਸਰੀਰਕ ਸਬੰਧ ਬਣਾਉਣ ਲਈ ਕੀਤੀ ਜਬਰਦਸਤੀ- ਪੀੜਤਾ ਅਨੁਸਾਰ ਉੱਥੇ ਮੁਲਜ਼ਮ ਨੇ ਸਰੀਰਿਕ ਸੰਬੰਧਾਂ ਲਈ ਦਬਾਅ ਬਣਾਇਆ। ਉਸ ਵੱਲੋਂ ਵਿਰੋਧ ਕਰਨ ’ਤੇ ਥੱਪੜ ਮਾਰੇ ਅਤੇ ਜਬਰਦਸਤੀ ਦੀ ਕੋਸ਼ਿਸ਼ ਕੀਤੀ। ਔਰਤ ਵੱਲੋਂ ਰੌਲਾ ਪਾਉਣ ‘ਤੇ ਉਹ ਘਬਰਾ ਕੇ ਮੋਟਰਸਾਈਕਲ ਸਮੇਤ ਭੱਜ ਗਿਆ। ਰਾਹ ਵਿੱਚ ਪੀੜਤਾ ਨੂੰ ਮੁਲਜ਼ਮ ਉੱਪਰ ਸ਼ੱਕ ਹੋਣ ’ਤੇ ਭੇਜੀ ਲਾਈਵ ਲੋਕੇਸ਼ਨ ਦੇ ਜਰੀਏ ਉਸ ਦਾ ਪੁੱਤਰ ਰਾਹੁਲ ਮੌਕੇ ’ਤੇ ਪੁੱਜਿਆ ਅਤੇ ਉਸ ਨੂੰ ਥਾਣੇ ਲੈ ਗਿਆ। ਥਾਣਾ ਲੰਬੀ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ’ਤੇ ਮੁਲਜ਼ਮ ਸਾਰਜ ਸਿੰਘ ਪੁੱਤਰ ਭਗਵਾਨ ਸਿੰਘ ਨਿਵਾਸੀ ਪਿੰਡ ਫ਼ਤਿਹਪੁਰ ਮਨੀਆਂ ਖ਼ਿਲਾਫ਼ ਬੀਐਨਐਸ ਧਾਰਾ 87, 140(3), 115(2) ਅਤੇ 351(2) ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
