ਬੰਗਲਾਦੇਸ਼- ਬੰਗਲਾਦੇਸ਼ ਵਿੱਚ ਪਿਛਲੇ ਸਾਲ ਜੁਲਾਈ ’ਚ ਹੋਏ ਵਿਦਰੋਹ ਦੇ ਮੁੱਖ ਆਗੂਆਂ ’ਚੋਂ ਇਕ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਅਤੇ ਹਿੰਸਾ ਦੀਆਂ ਘਟਨਾਵਾਂ ਹੋਈਆਂ ਜਿਸ ਨਾਲ ਦੇਸ਼ ਭਰ ਵਿੱਚ ਤਣਾਅ ਪੈਦਾ ਹੋ ਗਿਆ। ਹਾਦੀ ਦੀ ਮ੍ਰਿਤਕ ਦੇਹ ਸ਼ਾਮ 6 ਵਜੇ ਦੇ ਕਰੀਬ ਇੱਥੇ ਹਜ਼ਰਤ ਸ਼ਾਹ ਜਲਾਲ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ। ਇਸ ਦੌਰਾਨ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਨੇ ਅੱਜ ਆਪਣੇ ਨਾਗਰਿਕਾਂ ਨੂੰ ਕੁਝ ਗੈਰ-ਸਮਾਜਿਕ ਤੱਤਾਂ ਵੱਲੋਂ ਕੀਤੀ ਗਈ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਹੀ ਨੁਕਸਾਨੀ ਜਾ ਚੁੱਕੀ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੀ ਰਿਹਾਇਸ਼ 32 ਧਾਨਮੰਡੀ ਵਿਖੇ ਵੀ ਭੰਨਤੋੜ ਕੀਤੀ। ਇਸੇ ਦੌਰਾਨ ਭੀੜ ਨੇ ਰਾਜਸ਼ਾਹੀ ਸ਼ਹਿਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਦਫ਼ਤਰ ਵਿੱਚ ਵੀ ਭੰਨਤੋੜ ਕੀਤੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਤ ਨੂੰ ਹਮਲਿਆਂ ਅਤੇ ਭੰਨਤੋੜ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ’ਚ ਚਟਗਾਓਂ ਵਿੱਚ ਭਾਰਤੀ ਸਹਾਇਕ ਹਾਈ ਕਮਿਸ਼ਨਰ ਦੀ ਰਿਹਾਇਸ਼ ’ਤੇ ਪਥਰਾਅ ਵੀ ਸ਼ਾਮਲ ਹੈ। ਇਹ ਘਟਨਾਵਾਂ ਮੁੱਖ ਸਲਾਹਕਾਰ ਮੁਹੰਮਦ ਯੂਨਸ ਵੱਲੋਂ ਟੈਲੀਵਿਜ਼ਨ ’ਤੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਇਨਕਲਾਬ ਮੰਚ ਦੇ ਨੇਤਾ ਹਾਦੀ ਦੀ ਮੌਤ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੋਈਆਂ। ਯੂਨਸ ਨੇ ਹਾਦੀ ਦੀ ਮੌਤ ਦੇ ਸਬੰਧ ਵਿੱਚ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਲਾਠੀਚਾਰਜ ਕਰਦਿਆਂ ਭੀੜ ਨੂੰ ਖਿੰਡਾ ਦਿੱਤਾ। ਇਸ ਦੌਰਾਨ 12 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਢਾਕਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਇਕ ਮੋਹਰੀ ਸਭਿਆਚਾਰਕ ਸਮੂਹ ਦੇ ਦਫ਼ਤਰ ’ਤੇ ਹਮਲਾ ਕਰ ਦਿੱਤਾ ਅਤੇ ਸਾਮਾਨ ਨੂੰ ਅੱਗ ਲਗਾ ਦਿੱਤੀ। ਭੀੜ ਨੇ ਵੀਰਵਾਰ ਰਾਤ ਨੂੰ ਬੰਗਲਾ ਅਖ਼ਬਾਰ ਪ੍ਰਥਮ ਆਲੋ ਦੇ ਦਫ਼ਤਰ ’ਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਪੱਤਰਕਾਰ ਤੇ ਅਖ਼ਬਾਰ ਦਾ ਹੋਰ ਸਟਾਫ ਦਫ਼ਤਰ ਦੇ ਅੰਦਰ ਹੀ ਸਨ। ਹਮਲਾਵਰਾਂ ਨੇ ਕਈ ਮੰਜ਼ਿਲਾਂ ’ਤੇ ਭੰਨਤੋੜ ਕੀਤੀ।
ਬੰਗਲਾਦੇਸ਼ ਦੇ ਸਹਾਇਕ ਹਾਈ ਕਮਿਸ਼ਨ ਨੇੜੇ ਪ੍ਰਦਰਸ਼ਨ: ਟਿਪਰਾ ਮੋਥਾ ਪਾਰਟੀ ਦੀ ਯੂਥ ਇਕਾਈ ਨੇ ਬੰਗਲਾਦੇਸ਼ ਵਿੱਚ ‘ਭਾਰਤ ਵਿਰੋਧੀ ਮੁਹਿੰਮ’ ਅਤੇ ਉੱਤਰ-ਪੂਰਬ ਭਾਰਤ ਬਾਰੇ ਕੀਤੀਆਂ ਇਕ ਨੇਤਾ ਦੀਆਂ ਟਿੱਪਣੀਆਂ ਵਿਰੁੱਧ ਬੰਗਲਾਦੇਸ਼ ਸਹਾਇਕ ਹਾਈ ਕਮਿਸ਼ਨ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ। ਯੁਵਾ ਟਿਪਰਾ ਫੈਡਰੇਸ਼ਨ (ਵਾਈ ਟੀ ਐੱਫ) ਦੇ ਪ੍ਰਦਰਸ਼ਨ ਤੋਂ ਬਾਅਦ ਹਾਈ ਕਮਿਸ਼ਨ ਨੇੜੇ ਸੁਰੱਖਿਆ ਵਧਾ ਦਿੱਤੀ ਗਈ। -ਪੀਟੀਆਈ
ਬੰਗਲਾਦੇਸ਼ ਵਿੱਚ ਹਿੰਦੂ ਦਾ ਹਜ਼ੂਮੀ ਕਤਲ: ਬੰਗਲਾਦੇਸ਼ ਵਿੱਚ ਕੁਫਰ ਤੋਲਣ ਦੇ ਦੋਸ਼ ਹੇਠ ਹਿੰਦੂ ਭਾਈਚਾਰੇ ਦੇ ਇਕ ਸ਼ਖ਼ਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ ਗਈ। ਇਹ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਹਿੰਸਾ ਦੀ ਤਾਜ਼ਾ ਘਟਨਾ ਹੈ। ‘ਬਾਂਗਲਾ ਟ੍ਰਿਬਿਊਨ’ ਨਿਊਜ਼ ਪੋਰਟਲ ਮੁਤਾਬਕ ਮ੍ਰਿਤਕ ਦੀ ਪਛਾਣ ਦੀਪੂ ਚੰਦਰ ਦਾਸ (25) ਵਜੋਂ ਹੋਈ ਹੈ ਜੋ ਮੈਮਨਸਿੰਘ ਸ਼ਹਿਰ ਵਿੱਚ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਸੀ। ਅੰਤ੍ਰਿਮ ਸਰਕਾਰ ਨੇ ਘਟਨਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਗੰਭੀਰ ਅਪਰਾਧ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।’’
