December 27, 2025
ਖਾਸ ਖ਼ਬਰਪੰਜਾਬਰਾਸ਼ਟਰੀ

ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਪੇਂਟਿੰਗ ਦਾ ਚਿਤੇਰਾ ਗੋਬਿੰਦਰ ਸੋਹਲ

ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਪੇਂਟਿੰਗ ਦਾ ਚਿਤੇਰਾ ਗੋਬਿੰਦਰ ਸੋਹਲ

ਸ੍ਰੀ ਫਤਿਹਗੜ੍ਹ ਸਾਹਿਬ- ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਤਸਵੀਰ ਬਣਾਉਣ ਵਾਲਾ ਚਿੱਤਰਕਾਰ ਗੋਬਿੰਦਰ ਸੋਹਲ ਨਹੀਂ ਰਿਹਾ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦਾ ਜਗਤ ਪ੍ਰਸਿੱਧ ਸ਼ਾਹਕਾਰ ਚਿੱਤਰ ਬਣਾ ਕੇ ਗੋਬਿੰਦਰ ਸੋਹਲ ਨੇ ਸਿੱਖ ਜਗਤ ਨੂੰ ਆਪਣਾ ਰਿਣੀ ਬਣਾ ਲਿਆ ਹੈ। ਉਸ ਵੱਲੋਂ ਬਣਾਈ ਇਹ ਪੇਂਟਿੰਗ ਲੋਕਾਂ ਦੇ ਮਨਾਂ ਉੁੱਪਰ ਰਾਜ ਕਰਨ ਲੱਗ ਗਈ ਕਿਉਂਕਿ ਇਸ ਵਿੱਚ ਦੋਵੇਂ ਸਾਹਿਬਜ਼ਾਦੇ ਅਣਭੋਲ, ਸ਼ਹਿਨਸ਼ਾਹ ਪ੍ਰੰਤੂ ਹੌਸਲੇ ਵਿੱਚ ਆਪਣੀ ਦਾਦੀ ਦੀ ਬੁੱਕਲ ਵਿੱਚ ਸ਼ਾਂਤਚਿੱਤ ਸਬਰ ਸੰਤੋਖ ਨਾਲ ਖਲੋਤੇ ਵਿਖਾਏ ਗਏ ਹਨ। ਇਹ ਇੱਕ ਚਿੰਨ੍ਹਾਤਮਕ ਚਿੱਤਰ ਹੈ, ਜਿਹੜਾ ਬਿਨ ਬੋਲਿਆਂ ਹੀ ਬਹੁਤ ਕੁਝ ਕਹਿ ਦਿੰਦਾ ਹੈ। ਇਹੋ ਗੋਬਿੰਦਰ ਸੋਹਲ ਦੀ ਚਿੱਤਰਕਾਰੀ ਦਾ ਕਮਾਲ ਹੈ। ਪੰਜਾਬੀ ਵਿਰਾਸਤ ਅਤੇ ਇਸ ਦੇ ਇਤਿਹਾਸ ਨੂੰ ਚਿੱਤਰਣ ਵਾਲੀਆਂ ਗੋਬਿੰਦਰ ਸੋਹਲ ਦੀਆਂ ਕਲਾ ਕ੍ਰਿਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਕੰਮ ਕਰਦੀਆਂ ਰਹਿਣਗੀਆਂ। ਉਹ ਭਾਵੇਂ ਸਰੀਰਕ ਤੌਰ ’ਤੇ ਦੁਨੀਆ ਤੋਂ ਰੁਖ਼ਸਤ ਹੋ ਗਿਆ ਹੈ, ਪ੍ਰੰਤੂ ਸਿੱਖ ਵਿਰਾਸਤ ਦਾ ਚਿੱਤਰਣ ਕਰਕੇ ਉਹ ਰਹਿੰਦੀ ਦੁਨੀਆ ਤੱਕ ਸਿੱਖ ਜਗਤ ਦੇ ਦਿਲਾਂ ’ਤੇ ਰਾਜ ਕਰਦਾ ਰਹੇਗਾ।

ਧਾਰਮਿਕ, ਇਤਿਹਾਸਕ, ਦੇਸ਼ ਭਗਤਾਂ, ਸੰਸਾਰ ਦੀਆਂ ਮਹੱਤਵਪੂਰਨ ਸ਼ਖ਼ਸੀਅਤਾਂ, ਧਾਰਮਿਕ ਅਤੇ ਇਤਿਹਾਸਕ ਘਟਨਾਵਾਂ ਅਤੇ ਖ਼ਾਸ ਤੌਰ ’ਤੇ ਸਿੱਖ ਸੱਭਿਆਚਾਰ ਨੂੰ ਆਪਣੇ ਬੁਰਛ ਦੀ ਛੋਹ ਨਾਲ ਜੀਵਤ ਰੂਪ ਵਿੱਚ ਪੇਂਟ ਕਰਕੇ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗੋਬਿੰਦਰ ਸੋਹਲ ਕੋਮਲ ਕਲਾ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਿੱਚ ਸਫਲ ਹੋਇਆ। ਉਸ ਦੀ ਕਲਾਤਮਿਕ ਪ੍ਰਵੀਨਤਾ ਇਸ ਵਿੱਚ ਹੈ ਕਿ ਉਹ ਪੋਰਟਰੇਟ ਵਿੱਚ ਜਾਨ ਪਾ ਦਿੰਦਾ ਹੈ। ਉਸ ਦੇ ਬਣਾਏ ਕੁਝ ਚਿੱਤਰ ਸੰਸਾਰ ਵਿੱਚ ਪ੍ਰਸਿੱਧ ਹੋਏ ਜਿਨ੍ਹਾਂ ਵਿੱਚ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨਾਲ, ਭਗਤ ਸਿੰਘ ਦੇ ਹੱਥ ਵਿੱਚ ਪਿਸਤੌਲ, ਊਧਮ ਸਿੰਘ, ਭਾਈ ਕਨ੍ਹਈਆ, ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਊਧਮ ਸਿੰਘ ਦੀ ਪਗੜੀ ਵਾਲੀ ਫੋਟੋ ਜਿਹੜੀ ਕੈਕਸਟਨ ਹਾਲ ਵਿੱਚ ਲੱਗੀ ਹੋਈ ਹੈ, ਉਸ ਦੇ ਆਧਾਰ ’ਤੇ ਬਣਾਇਆ ਗਿਆ ਚਿੱਤਰ ਕਾਬਲੇ ਤਾਰੀਫ਼ ਹੈ। ਆਧੁਨਿਕਤਾ ਦੇ ਦੌਰ ਵਿੱਚ ਪੁਰਾਤਨ ਵਸਤਾਂ ਜਿਨ੍ਹਾਂ ਵਿੱਚ ਹੱਥ ਕਰਘਾ, ਫੁਲਕਾਰੀਆਂ, ਬਾਗ, ਦਰੀਆਂ, ਖੇਸ, ਪਸ਼ੂ ਪੰਛੀ ਤਕਨਾਲੋਜੀ ਦੀ ਭੇਂਟ ਚੜ੍ਹ ਰਹੇ ਹਨ, ਉੱਥੇ ਉਸ ਦਾ ਚਿੱਤਰ ਬਣਾਉਣ ਦਾ ਖੇਤਰ ਵੱਖਰਾ ਹੀ ਹੈ। ਪ੍ਰਸਿੱਧ ਸਿਆਸਤਦਾਨਾਂ ਤੋਂ ਇਲਾਵਾ ਪ੍ਰਮੁੱਖ ਭਾਰਤੀ ਓਲੰਪੀਅਨ ਜਿਨ੍ਹਾਂ ਵਿੱਚ ਮਿਲਖਾ ਸਿੰਘ, ਧਿਆਨ ਚੰਦ, ਗਾਮਾ ਪਹਿਲਵਾਨ, ਸੁਰਜੀਤ ਸਿੰਘ, ਸੰਗੀਤਕਾਰ ਮੁਹੰਮਦ ਰਫੀ, ਗਾਇਕਾ ਸੁਰਿੰਦਰ ਕੌਰ, ਫ਼ੌਜੀ, ਵਿੱਦਿਅਕ ਮਾਹਿਰ, ਡਾ. ਰਾਧਾ ਕ੍ਰਿਸ਼ਨ, ਅਬਦੁੱਲ ਕਲਾਮ ਅਤੇ ਫੂਲਾਂ ਰਾਣੀ ਦੇ ਚਿੱਤਰ ਬਣਾਏ ਜਿਨ੍ਹਾਂ ਨੇ ਸੋਹਲ ਦੀ ਪ੍ਰਸਿੱੱਧੀ ਨੂੰ ਚਾਰ ਚੰਨ ਲਾਏ। ਉਸ ਨੇ ਦੇਸ਼ ਦੇ ਸ਼ਹੀਦਾਂ, ਓਲੰਪੀਅਨਾਂ, ਲਿਖਾਰੀਆਂ, ਕਵੀਆਂ, ਗਾਇਕਾਂ ਅਤੇ ਸਿੱਖ ਇਤਿਹਾਸ ਵਿੱਚੋਂ ਬਹੁਤ ਸਾਰੇ ਚਿੱਤਰ ਬਣਾਏ।

ਫ਼ੌਜੀ ਦੀ ਮਾਨਸਿਕਤਾ ਨੂੰ ਉਸ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਂਟ ਕੀਤਾ ਹੈ, ਜਦੋਂ ਫ਼ੌਜੀ ਛੁੱਟੀ ਆਉਂਦਾ ਹੈ ਤਾਂ ਦਰਵਾਜ਼ੇ ਵਿੱਚ ਆਪਣੀ ਮਾਂ ਨੂੰ ਗਲਵੱਕੜੀ ਪਾਉਂਦਾ ਵਿਖਾਇਆ ਗਿਆ ਹੈ, ਉਸ ਦੀ ਵੱਡੀ ਭਰਜਾਈ ਬੈਠੀ ਹੈ ਤੇ ਫ਼ੌਜੀ ਦਾ ਭਤੀਜਾ ਭੱਜ ਕੇ ਨਾਲਾ ਬੁਣ ਰਹੀ ਆਪਣੀ ਚਾਚੀ ਨੂੰ ਦੱਸਦਾ ਹੈ ਕਿ ਚਾਚਾ ਛੁੱਟੀ ਆ ਗਿਆ ਹੈ। ਘਰ ਦੇ ਦਰਵਾਜ਼ੇ ਵਿੱਚੋਂ ਹੀ ਬਾਹਰ ਗੁਹਾਰੇ ਦਿਸ ਰਹੇ ਹਨ ਅਤੇ ਇੱਕ ਵਿਅਕਤੀ ਫ਼ੌਜੀ ਦਾ ਟਰੰਕ ਘੜੀਸਦਾ ਆ ਰਿਹਾ ਹੈ। ਇੱਕ ਚਿੱਤਰ ਵਿੱਚ ਹੀ ਸਮੁੱਚੇ ਪੰਜਾਬੀ ਸੱਭਿਆਚਾਰ ਨੂੰ ਪੇਂਟ ਕਰ ਦਿੱਤਾ ਹੈ। ਫ਼ੌਜੀ ਗਲਵੱਕੜੀ ਤਾਂ ਆਪਣੀ ਮਾਂ ਨੂੰ ਪਾ ਰਿਹਾ ਹੈ, ਪ੍ਰੰਤੂ ਉੱਪਰੋਂ ਪਿਛਲੇ ਪਾਸੇ ਖੜ੍ਹੀ ਆਪਣੀ ਪਤਨੀ ਨੂੰ ਭਾਵਪੂਰਤ ਢੰਗ ਨਾਲ ਵੇਖਦਾ ਹੈ। ਇਹ ਚਿੱਤਰ ਦੇਰ ਬਾਅਦ ਛੁੱਟੀ ਆਏ ਫ਼ੌਜੀ ਦੀ ਮਾਨਸਿਕਤਾ ਦੀ ਮੂੰਹ ਬੋਲਦੀ ਤਸਵੀਰ ਹੈ। ਗੋਬਿੰਦਰ ਸੋਹਲ ਨੂੰ ਇਸ ਗੱਲ ਦਾ ਮਾਣ ਰਿਹਾ ਹੈ ਕਿ ਉਸ ਨੇ ਨਾਰਵੇ ਦੇ ਗੁਰੂ ਨਾਨਕ ਦਰਬਾਰ, ਕੈਨੇਡਾ ਦੇ ਓਂਟਾਰੀਓ ਦੇ ਖਾਲਸਾ ਦਰਬਾਰ ਅਤੇ ਭਾਰਤ ਵਿੱਚ ਖਡੂਰ ਸਾਹਿਬ, ਸਭਰਾਵਾਂ ਅਤੇ ਗਵਾਲੀਅਰ ਵਿਖੇ ਕਈ ਗੁਰੂ ਘਰਾਂ ਵਿੱਚ ਉੱਥੇ ਜਾ ਕੇ ਚਿੱਤਰ ਪੇਂਟ ਕਰਕੇ ਆਜਾਇਬ ਘਰ ਬਣਾਏ ਸਨ। ਉਸ ਦਾ ਚਿੱਤਰ ਬਣਾਉਣ ਦਾ ਖੇਤਰ ਵੱਖਰਾ ਹੀ ਸੀ। ਵਿਦਿਆਰਥੀਆਂ ਵਿੱਚ ਆਪਣੇ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਉਸ ਵੱਲੋਂ ਬਣਾਏ ਗਏ ਚਿੱਤਰ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿੱਚ ਲਗਾਏ ਗਏ ਹਨ ਤਾਂ ਜੋ ਬੱਚੇ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ।

ਉਸ ਨੂੰ ਸਕੂਲ ਸਮੇਂ ਵਿੱਚ ਹੀ ਪੇਂਟਿੰਗ ਕਰਨ ਦੀ ਰੁਚੀ ਪੈਦਾ ਹੋ ਗਈ ਸੀ। ਉਸ ਦੀ ਜ਼ਿੰਦਗੀ ਵਿੱਚ ਇੱਕ ਘਟਨਾ ਨੇ ਅਜੀਬ ਮੋੜ ਲੈ ਆਂਦਾ, ਜਦੋਂ ਉਹ ਚੌਥੀ ਜਮਾਤ ਵਿੱਚ ਪੜ੍ਹ ਰਿਹਾ ਸੀ ਤਾਂ ਹਿਸਾਬ ਦੇ ਪੀਰੀਅਡ ਵਿੱਚ ਉਹ ਬੈਠਾ ਚਿੱਤਰ ਬਣਾ ਰਿਹਾ ਸੀ। ਅਧਿਆਪਕ ਨੇ ਉਸ ਨੂੰ ਮੁੱਖ ਅਧਿਆਪਕ ਕੋਲ ਲਿਜਾ ਕੇ ਸ਼ਿਕਾਇਤ ਲਗਾਈ ਕਿ ਉਹ ਪੜ੍ਹਨ ਵਿੱਚ ਦਿਲਚਸਪੀ ਨਹੀਂ ਲੈਂਦਾ ਸਗੋਂ ਤਸਵੀਰਾਂ ਬਣਾਉਂਦਾ ਰਹਿੰਦਾ ਹੈ, ਪ੍ਰੰਤੂ ਜਦੋਂ ਮੁੱਖ ਅਧਿਆਪਕ ਨੇ ਉਸ ਦਾ ਬਣਾਇਆ ਚਿੱਤਰ ਵੇਖਿਆ ਤਾਂ ਉਸ ਨੂੰ ਸਜ਼ਾ ਦੇਣ ਦੀ ਥਾਂ ਸ਼ਾਬਾਸ਼ ਦਿੰਦਿਆਂ ਇਨਾਮ ਵੀ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਚਿੱਤਰ ਕਲਾ ਲਈ ਉਤਸ਼ਾਹ ਮਿਲਿਆ। ਛੇਵੀਂ ਕਲਾਸ ਵਿੱਚ ਡਰਾਇੰਗ ਦਾ ਵਿਸ਼ਾ ਲੈ ਕੇ ਉਸ ਨੇ ਪੇਂਟਿੰਗ ਨੂੰ ਆਪਣਾ ਚਹੇਤਾ ਵਿਸ਼ਾ ਬਣਾ ਲਿਆ। ਫਿਰ ਉਸ ਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਮਿਲ ਗਿਆ ਅਤੇ ਉਹ ਰੰਗਾਂ ਨਾਲ ਖੇਡਣ ਲੱਗ ਗਿਆ।

ਗੋਬਿੰਦਰ ਸਿੰਘ ਸੋਹਲ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਘੁਡਾਣੀ ਕਲਾਂ ਦੇ ਰਾਮਗੜ੍ਹੀਆ ਪਰਿਵਾਰ ਵਿੱਚ ਮਾਤਾ ਦਲੀਪ ਕੌਰ ਅਤੇ ਪਿਤਾ ਬਾਬੂ ਸਿੰਘ ਸੋਹਲ ਦੇ ਘਰ 15 ਜੁਲਾਈ 1957 ਨੂੰ ਹੋਇਆ। ਕੋਮਲ ਕਲਾ ਅਤੇ ਚਿੱਤਰਕਲਾ ਦਾ ਸ਼ੌਕ ਉਸ ਨੂੰ ਆਪਣੇ ਪਰਿਵਾਰ ਦੀ ਵਿਰਾਸਤ ਵਿੱਚੋਂ ਹੀ ਮਿਲ ਗਿਆ ਸੀ ਕਿਉਂਕਿ ਪਰਿਵਾਰ ਦੀਆਂ ਇਸਤਰੀਆਂ ਘਰ ਵਿੱਚ ਹੀ ਦਰੀਆਂ ਅਤੇ ਖੇਸ ਬੁਣਦੀਆਂ ਅਤੇ ਫੁਲਕਾਰੀਆਂ ਅਤੇ ਬਾਗ ਦੀ ਕਢਾਈ ਕਰਦੀਆਂ, ਮੰਜੇ ਬੁਣਦੀਆਂ ਰਹਿੰਦੀਆਂ ਸਨ। ਉਸ ਦਾ ਦਾਦਾ ਲੱਕੜ ਦਾ ਕੰਮ ਕਰਦਾ ਸੀ ਅਤੇ ਖ਼ੂਬਸੂਰਤ ਚਰਖੇ ਅਤੇ ਪਿੱਤਲ ਦੇ ਕੋਕਿਆਂ ਵਾਲੇ ਗੱਡੇ ਵੀ ਬਣਾਉਂਦਾ ਸੀ। ਹਰ ਕਲਾਕਾਰ ਆਪਣੀ ਮਾਨਸਿਕ ਤ੍ਰਿਪਤੀ ਅਤੇ ਆਪਣੀ ਰੋਜ਼ੀ ਰੋਟੀ ਦੇ ਮਕਸਦ ਨਾਲ ਚਿੱਤਰ ਬਣਾਉਂਦਾ ਹੈ, ਪ੍ਰੰਤੂ ਕੁਝ ਕਲਾਕਾਰ ਅਜਿਹੇ ਹੁੰਦੇ ਹਨ, ਜਿਹੜੇ ਆਪਣੀ ਵਿਰਾਸਤ ਨੂੰ ਚਿਤਰਕੇ ਸਦਾ ਲਈ ਲੋਕਾਂ ਦੇ ਮਨਾਂ ’ਤੇ ਰਾਜ ਕਰਨ ਲੱਗਦੇ ਹਨ। ਉਹ ਵੀ ਉਨ੍ਹਾਂ ਕਲਾਕਾਰਾਂ ਵਿੱਚੋਂ ਹੈ, ਪ੍ਰੰਤੂ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਉਸ ਦੇ ਸਿੱਖ ਧਰਮ ਬਾਰੇ ਬਣਾਏ ਗਏ ਚਿੱਤਰਾਂ ਦੀ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ ਅਤੇ ਨਾ ਹੀ ਪੰਜਾਬ ਸਰਕਾਰ ਨੇ ਕਦਰ ਪਾਈ, ਪ੍ਰੰਤੂ ਕਲਾ ਦੇ ਖੇਤਰ ਦੀਆਂ ਹੋਰ 20 ਸੰਸਥਾਵਾਂ ਨੇ ਮਾਣ ਸਨਮਾਨ ਦੇ ਕੇ ਸਤਿਕਾਰਿਆ ਹੈ।

Related posts

ਸੈਫ਼ ’ਤੇ ਹਮਲਾ ਕਰਨ ਵਾਲੇ ਦਾ ਰਿਮਾਂਡ 29 ਤੱਕ ਵਧਿਆ

Current Updates

ਵਿਰੋਧੀਆਂ ਨੇ ‘ਆਪ’ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਨੂੰ ਘੇਰਿਆ, ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨ ’ਤੇ ਸਵਾਲ ਚੁੱਕੇ

Current Updates

ਅੰਮ੍ਰਿਤਸਰ: ਪੁਲੀਸ ਸਟੇਸ਼ਨ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ ਦੋ ਗ੍ਰਿਫਤਾਰ

Current Updates

Leave a Comment