ਰਾਮਬਨ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਐਤਵਾਰ ਸਵੇਰ ਆਏ ਅਚਾਨਕ ਹੜ੍ਹ ਅਤੇ ਢਿਗਾਂ ਖਿਸਕਣ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਪਿੰਡ ਦੇ ਸਵੈਸੇਵਕ ਅੱਗੇ ਆਏ ਅਤੇ ਰਾਹਤ ਕੰਮਾਂ ਵਿੱਚ ਜੁਟੇ ਹੋਏ ਹਨ। ਇਸ ਕੁਦਰਤੀ ਆਫ਼ਤ ਕਾਰਨ ਦੋ ਨਾਬਾਲਿਗ ਭਰਾ ਤੇ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਇਸ ਆਫ਼ਤ ਵਿਚ ਪੰਥਿਆਲ ਦੇ ਨੇੜੇ ਦਰਜਨਾਂ ਘਰ ਅਤੇ ਜੰਮੂ-ਸ਼੍ਰੀਨਗਰ ਕੌਮੀ ਰਾਜਮਾਰਗ ਦਾ ਇਕ ਹਿੱਸਾ ਨੁਕਸਾਨਿਆ ਗਿਆ, ਜਦਕਿ ਕਈ ਪਿੰਡਾਂ ਦਾ ਸੰਪਰਕ ਜ਼ਿਲ੍ਹਾ ਮੁੱਖ ਦਫ਼ਤਰ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ।
ਡਿਪਟੀ ਕਮਿਸ਼ਨਰ ਬਸ਼ੀਰ-ਉਲ-ਹੱਕ ਚੌਧਰੀ ਨੇ ਪ੍ਰਭਾਵਿਤ ਇਲਾਕਿਆਂ ਵਿਚ ਚਲ ਰਹੇ ਆਪ੍ਰੇਸ਼ਨ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ਵਿਚ ਸੋਮਵਾਰ ਨੂੰ ਵਿਦਿਅਕ ਸੰਸਥਾਵਾਂ ਬੰਦ ਰੱਖੀਆਂ ਜਾਣਗੀਆਂ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੇਰੀ ਬਾਗਨਾ ਪਿੰਡ ਦੇ ਨਿਵਾਸੀ ਮੋਹੰਮਦ ਹਾਫਿਜ਼ ਨੇ ਕਿਹਾ, ‘‘ਮੈਂ ਆਪਣੀ ਜ਼ਿੰਦਗੀ ਵਿਚ ਕਦੇ ਏਹੋ ਜਿਹਾ ਮੌਸਮ ਨਹੀਂ ਵੇਖਿਆ, ਸਵੇਰੇ ਲਗਭਗ ਸਾਢੇ ਚਾਰ ਵਜੇ ਬਦਲ ਫਟਣ ਦੀ ਤੇਜ਼ ਆਵਾਜ਼ ਆਈ ਅਤੇ ਕੁਝ ਹੀ ਸਮੇਂ ਵਿਚ ਮਦਦ ਲਈ ਚੀਕਾਂ ਚਿਹਾੜਾ ਮਚ ਗਿਆ।’’ ਸੇਰੀ ਬਾਗਨਾ ਪਿੰਡ ਵਿੱਚ ਅਚਾਨਕ ਆਏ ਹੜ੍ਹ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।