December 29, 2025
ਖਾਸ ਖ਼ਬਰਰਾਸ਼ਟਰੀ

‘ਆਪ’ਵੱਲੋਂ ਕਾਂਗਰਸ ’ਤੇ ਭਾਜਪਾ ਨਾਲ ਮਿਲੀ-ਭੁਗਤ ਦੇ ਦੋਸ਼; ਕਾਂਗਰਸ ਨੂੰ ਭਾਰਤ ਗੱਠਜੋੜ ’ਚੋਂ ਕੱਢਣ ਦੀ ਕਰੇਗੀ ਮੰਗ

'ਆਪ'ਵੱਲੋਂ ਕਾਂਗਰਸ ’ਤੇ ਭਾਜਪਾ ਨਾਲ ਮਿਲੀ-ਭੁਗਤ ਦੇ ਦੋਸ਼; ਕਾਂਗਰਸ ਨੂੰ ਭਾਰਤ ਗੱਠਜੋੜ ’ਚੋਂ ਕੱਢਣ ਦੀ ਕਰੇਗੀ ਮੰਗ

ਨਵੀਂ ਦਿੱਲੀ-ਕੌਮੀ ਰਾਜਧਾਨੀ ਦੇ ਸਿਆਸੀ ਦ੍ਰਿਸ਼ ’ਚ ਹੋਈ ਇਕ ਵੱਡੀ ਹਿੱਲ-ਜੁੱਲ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਇੰਡੀਆ ਗੱਠਜੋੜ (INDIA Block) ਦੀ ਮੁੱਖ ਪਾਰਟੀ  ਕਾਂਗਰਸ ਉਤੇ ਖ਼ਾਸੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ‘ਆਪ’ ਵੱਲੋਂ ਕਾਂਗਰਸ ਨੂੰ ਗੱਠਜੋੜ ਵਿੱਚੋਂ ਕੱਢਣ ਦੀ ਮੰਗ ਲਈ ਇੰਡੀਆ ਗੱਠਜੋੜ ਦੇ ਬਾਕੀ ਭਾਈਵਾਲਾਂ ਨਾਲ ਗੱਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

‘ਆਪ’ ਸੂਤਰਾਂ ਨੇ ਕਿਹਾ ਕਿ ਪਾਰਟੀ ਵਿਚ ਕਾਂਗਰਸ ਆਗੂਆਂ ਦੇ ‘ਆਪ’ ਬਾਰੇ ਬਿਆਨਾਂ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਤੋਂ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।

ਗ਼ੌਰਤਲਬ ਹੈ ਕਿ ਯੂਥ ਕਾਂਗਰਸ ਨੇ ਇੱਕ ਦਿਨ ਪਹਿਲਾਂ ਹੀ ਕੇਜਰੀਵਾਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਨ੍ਹਾਂ ‘ਤੇ ਵੋਟਰਾਂ ਨੂੰ ਗੁੰਮਰਾਹ ਕਰਨ ਅਤੇ ਧੋਖਾਧੜੀ ਵਾਲੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਸੰਸਦ ਮਾਰਗ (Parliament Street) ਪੁਲੀਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸ਼ਿਕਾਇਤ ਵਿੱਚ ਕੇਜਰੀਵਾਲ ਖ਼ਿਲਾਫ਼ ਉਨ੍ਹਾਂ ਦੇ ਉਨ੍ਹਾਂ ਚੋਣ ਵਾਅਦਿਆਂ ਨੂੰ ਲੈ ਕੇ FIR ਦਰਜ ਕਰਨ ਦੀ ਮੰਗ ਕੀਤੀ ਗਈ ਸੀ, ਜਿਨ੍ਹਾਂ ਨੂੰ ਦਿੱਲੀ ਸਰਕਾਰ ਦੇ ਦੋ ਵਿਭਾਗਾਂ ਨੇ ਬੀਤੇ ਦਿਨ ਰੱਦ ਕਰ ਦਿੱਤਾ ਸੀ।

‘ਆਪ’ ਦੇ ਇਕ ਆਗੂ ਨੇ ਦੋਸ਼ ਲਾਇਆ, “ਅਸੀਂ ਇੰਡੀਆ ਬਲਾਕ ਦੇ ਭਾਈਵਾਲਾਂ ਨਾਲ ਗੱਲ ਕਰਾਂਗੇ ਅਤੇ ਗੱਠਜੋੜ ਵਿਚੋਂ ਕਾਂਗਰਸ ਦੀ ਬਰਖਾਸਤਗੀ ਦੀ ਮੰਗ ਕਰਾਂਗੇ। ਕਾਂਗਰਸ ਅਸਲ ਵਿਚ ਭਾਜਪਾ ਨਾਲ ਮਿਲ ਕੇ ਕੰਮ ਕਰ ਰਹੀ ਹੈ।”

ਗ਼ੌਰਤਲਬ  ਹੈ ਕਿ ਬੁੱਧਵਾਰ ਨੂੰ ਉਦੋਂ ਇੱਕ ਵਿਵਾਦ ਸ਼ੁਰੂ ਹੋ ਗਿਆ ਸੀ ਜਦੋਂ ਦਿੱਲੀ ਸਰਕਾਰ ਦੇ ਦੋ ਵਿਭਾਗਾਂ ਨੇ ਅਖ਼ਬਾਰਾਂ ਵਿੱਚ ਨੋਟਿਸ ਜਾਰੀ ਕਰ ਕੇ ਜਨਤਾ ਨੂੰ ਖ਼ਬਰਦਾਰ ਕਰਦਿਆਂ ਮੁੱਖ ਮੰਤਰੀ ਆਤਿਸ਼ੀ ਅਤੇ ਉਨ੍ਹਾਂ ਤੋਂ ਪਹਿਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹਾਲ ਹੀ ਵਿੱਚ ਐਲਾਨੀਆਂ ਦੋ ਭਲਾਈ ਯੋਜਨਾਵਾਂ ਲਈ ਸ਼ੁਰੂ ਕੀਤੀ ਗਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਸੀ। ਹਾਕਮ ਪਾਰਟੀ ‘ਆਪ’ ਨੇ ਨੋਟਿਸਾਂ ਨੂੰ ‘ਜਾਅਲੀ ਅਤੇ ਬੇਬੁਨਿਆਦ’ ਕਰਾਰ ਦਿੱਤਾ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਅਜਿਹੇ ਇਸ਼ਤਿਹਾਰ ਛਾਪਣ ਵਾਲੇ ਅਧਿਕਾਰੀਆਂ ਵਿਰੁੱਧ ਪ੍ਰਸ਼ਾਸਕੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਆਗਾਮੀ ਫਰਵਰੀ ਮਹੀਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ, ਜਿਨ੍ਹਾਂ ਲਈ ਵੋਟਰਾਂ ਨੂੰ ਲੁਭਾਉਣ ਵਾਸਤੇ ‘ਆਪ’ ਨੇ ਹਾਲ ਹੀ ਵਿੱਚ ਦੋ ਭਲਾਈ ਯੋਜਨਾਵਾਂ – ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ (Mukhyamantri Mahila Samman Yojana) ਅਤੇ ਸੰਜੀਵਨੀ ਯੋਜਨਾ (Sanjeevani Yojana) – ਦਾ ਐਲਾਨ ਕੀਤਾ ਸੀ। ਮਹਿਲਾ ਸਨਮਾਨ ਯੋਜਨਾ ਤਹਿਤ ‘ਆਪ’ ਸੱਤਾ ਵਿੱਚ ਆਉਣ ‘ਤੇ ਔਰਤਾਂ ਨੂੰ ਕ੍ਰਮਵਾਰ 2,100 ਰੁਪਏ ਦੀ ਮਾਸਕ ਸਹਾਇਤਾ ਦੇਵੇਗੀ ਅਤੇ ਸੰਜੀਵਨੀ ਯੋਜਨਾ ਤਹਿਤ ਸੀਨੀਅਰ ਨਾਗਰਿਕਾਂ ਲਈ ਪੂਰੀ ਸਿਹਤ ਕਵਰੇਜ ਦੇਣ ਦਾ ਵਾਅਦਾ ਕੀਤਾ ਗਿਆ ਹੈ।

ਕੇਜਰੀਵਾਲ ਨੇ ਭਾਜਪਾ ‘ਤੇ ਸਰਕਾਰੀ ਅਧਿਕਾਰੀਆਂ ਦੀ ਬਾਂਹ ਮਰੋੜਨ ਅਤੇ ਉਨ੍ਹਾਂ ‘ਤੇ ਨੋਟਿਸ ਜਾਰੀ ਕਰਨ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ, “ਭਾਜਪਾ ਇਨ੍ਹਾਂ ਯੋਜਨਾਵਾਂ ਦੀ ਪ੍ਰਸਿੱਧੀ ਤੋਂ ਘਬਰਾ ਗਈ ਹੈ ਅਤੇ ਨਹੀਂ ਚਾਹੁੰਦੀ ਕਿ ਦਿੱਲੀ ਦੇ ਲੋਕਾਂ ਨੂੰ ਲਾਭ ਮਿਲੇ।” ਉਨ੍ਹਾਂ ਸਪੱਸ਼ਟ ਕੀਤਾ ਕਿ ਦਿੱਲੀ ਕੈਬਨਿਟ ਨੇ ਪਹਿਲਾਂ ਹੀ ਹਰ ਔਰਤ ਨੂੰ 1,000 ਰੁਪਏ ਦੇਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

 

Related posts

ਆਰ.ਐਸ.ਐਸ. ਨੇ ਔਰੰਗਜ਼ੇਬ ਵਿਵਾਦ ਤੋਂ ਖ਼ੁਦ ਨੂੰ ਲਾਂਭੇ ਕਰਦਿਆਂ ਨਾਗਪੁਰ ਹਿੰਸਾ ਦੀ ਨਿਖੇਧੀ ਕੀਤੀ

Current Updates

ਬ੍ਰਾਹਮਣ ਸਮਾਜ ਖ਼ਿਲਾਫ਼ ਟਿੱਪਣੀ: ਨਵਦੀਪ ਸਿੰਘ ਜਲਬੇੜਾ ਖਿਲਾਫ਼ ਲੁਧਿਆਣਾ ’ਚ ਕੇਸ ਦਰਜ

Current Updates

ਪਟਿਆਲਾ: ਦਿਲਜੀਤ ਦੋਸਾਂਝ ਦੀ ਫਿਲਮ ਸ਼ੂਟਿੰਗ ਦੌਰਾਨ ਮਾਹੌਲ ਤਣਾਅਪੂਰਵਕ ਹੋਇਆ

Current Updates

Leave a Comment