ਮੇਘਾਲਿਆ- ਮੇਘਾਲਿਆ ਦੀਆਂ ਸੁਰੱਖਿਆ ਏਜੰਸੀਆਂ ਨੇ ਬੰਗਲਾਦੇਸ਼ ਪੁਲੀਸ ਦੇ ਉਹ ਦਾਅਵੇ ਅੱਜ ਖਾਰਜ ਕਰ ਦਿੱਤੇ ਜਿਸ ਵਿਚ ਕਿਹਾ ਗਿਆ ਸੀ ਸ਼ਰੀਫ਼ ਉਸਮਾਨ ਹਾਦੀ ਦੇ ਕਾਤਲ ਭਾਰਤ ਅੰਦਰ ਦਾਖਲ ਹੋਏ ਹਨ। ਮੇਘਾਲਿਆ ’ਚ ਬੀ ਐੱਸ ਐੱਫ ਦੇ ਮੁਖੀ ਆਈ ਜੀ ਓ ਪੀ ਉਪਾਧਿਆਏ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕਿਸੇ ਵਿਅਕਤੀ ਨੇ ਹਲੂਆਘਾਟ ਸੈਕਟਰ ਰਾਹੀਂ ਕੌਮਾਂਤਰੀ ਸਰਹੱਦ ਪਾਰ ਕੀਤੀ ਹੋਵੇ। ਬੀ ਐੱਸ ਐੱਫ ਨੂੰ ਅਜਿਹੀ ਕਿਸੇ ਘਟਨਾ ਦੀ ਸੂਚਨਾ ਨਹੀਂ ਮਿਲੀ। 32 ਸਾਲਾ ਹਾਦੀ ਨੂੰ 12 ਦਸੰਬਰ ਨੂੰ ਢਾਕਾ ਵਿੱਚ ਇੱਕ ਚੋਣ ਮੁਹਿੰਮ ਦੌਰਾਨ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ ਸੀ ਪਰ 18 ਦਸੰਬਰ ਨੂੰ ਉਸ ਦੀ ਮੌਤ ਹੋ ਗਈ ਸੀ।
ਢਾਕਾ ਮੈਟਰੋਪੋਲੀਟਨ ਪੁਲੀਸ (ਡੀ.ਐਮ.ਪੀ.) ਦੇ ਵਧੀਕ ਪੁਲੀਸ ਕਮਿਸ਼ਨਰ (ਅਪਰਾਧ ਅਤੇ ਸੰਚਾਲਨ) ਐਸ.ਐਨ. ਮੁਹੰਮਦ ਨਜ਼ਰੁਲ ਇਸਲਾਮ ਨੇ ਡੀ.ਐਮ.ਪੀ. ਮੀਡੀਆ ਸੈਂਟਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਸ ਮਾਮਲੇ ਦੇ ਸ਼ੱਕੀ ਫੈਸਲ ਕਰੀਮ ਮਸੂਦ ਅਤੇ ਆਲਮਗੀਰ ਸ਼ੇਖ ਸਥਾਨਕ ਸਾਥੀਆਂ ਦੀ ਮਦਦ ਨਾਲ ਭਾਰਤੀ ਸੂਬੇ ਮੇਘਾਲਿਆ ਵਿੱਚ ਦਾਖਲ ਹੋਏ। ਸਾਡੀ ਜਾਣਕਾਰੀ ਅਨੁਸਾਰ ਸ਼ੱਕੀ ਹਲਵਾਘਾਟ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਏ ਸਨ। ਇਸ ਤੋਂ ਬਾਅਦ ਸਾਮੀ ਨਾਮਕ ਇੱਕ ਟੈਕਸੀ ਡਰਾਈਵਰ ਨੇ ਉਨ੍ਹਾਂ ਨੂੰ ਮੇਘਾਲਿਆ ਦੇ ਤੁਰਾ ਸ਼ਹਿਰ ਪਹੁੰਚਾਇਆ।’ ਉਨ੍ਹਾਂ ਅੱਗੇ ਕਿਹਾ ਕਿ ਪੁਲੀਸ ਨੂੰ ਗੈਰ-ਰਸਮੀ ਰਿਪੋਰਟਾਂ ਮਿਲੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਭਗੌੜਿਆਂ ਦੀ ਸਹਾਇਤਾ ਕਰਨ ਵਾਲੇ ਦੋ ਵਿਅਕਤੀਆਂ ਪੂਰਤੀ ਅਤੇ ਸਾਮੀ ਨੂੰ ਭਾਰਤ ਦੇ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ।
