ਲੁਧਿਆਣਾ- ਸਿੰਡੀਕੇਟ ਚੋਣਾਂ ਦੀ ਮੰਗ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਲੰਘੇ ਦਿਨੀਂ ਹੋਏ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਬ੍ਰਾਹਮਣ ਸਮਾਜ ਬਾਰੇ ਕੀਤੀਆਂ ਕਥਿਤ ਵਿਵਾਦਿਤ ਟਿੱਪਣੀਆਂ ਲਈ ਹਰਿਆਣਾ ਵਾਸੀ ਨਵਦੀਪ ਸਿੰਘ ਜਲਬੇੜਾ ਖਿਲਾਫ਼ ਲੁਧਿਆਣਾ ਵਿਚ ਕੇਸ ਦਰਜ ਕੀਤਾ ਗਿਆ ਹੈ। ਜਲਬੇੜਾ ਦੇ ਵਿਵਾਦਿਤ ਬਿਆਨ ਵਾਲੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਬ੍ਰਾਹਮਣ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਪੰਕਜ ਸ਼ਾਰਦਾ, ਰਾਜੀਵ ਸ਼ਰਮਾ, ਪਾਲੀ ਸਹਿਜਪਾਲ ਤੇ ਪੰਡਿਤ ਰਾਜਨ ਸ਼ਰਮਾ ਨੇ ਵਿਵਾਦਿਤ ਟਿੱਪਣੀਆਂ ਬਾਰੇ ਲੁਧਿਆਣਾ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਫੌਰੀ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 2 ਵਿੱਚ ਨਵਦੀਪ ਸਿੰਘ ਜਲਬੇੜਾ ਖ਼ਿਲਾਫ ਕੇਸ ਦਰਜ ਕੀਤਾ ਹੈ। ਪੰਕਜ ਸ਼ਾਰਦਾ ਨੇ ਕੇਸ ਦਰਜ ਹੋਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ।
