ਤਰਨ ਤਾਰਨ- ਇਥੋਂ ਦੀ ਮੁਰਾਦਪੁਰ ਆਬਾਦੀ ਤੋਂ ਇਕ ਹਫਤਾ ਪਹਿਲਾਂ ਭੇਤਭਰੀ ਹਾਲਾਤ ਵਿੱਚ ਗੁੰਮ ਹੋਈਆਂ ਦੋ ਬਾਲਗ ਲੜਕੀਆਂ ਦੀ ਅੱਜ ਤੱਕ ਕੋਈ ਖਬਰ ਨਾ ਮਿਲਣ ਕਰਕੇ ਦੋਹਾਂ ਪਰਿਵਾਰਾਂ ਅੰਦਰ ਸਹਿਮ ਪਾਇਆ ਜਾ ਰਿਹਾ ਹੈ। ਇਹ ਲੜਕੀਆਂ ਇਕੱਠੀਆਂ ਰਹਿਣਾ ਚਾਹੁੰਦੀਆਂ ਹਨ ਤੇ ਇਸ ਕਰ ਕੇ ਘਰੋਂ ਫਰਾਰ ਹੋ ਗਈਆਂ ਹਨ। ਇਸ ਮਾਮਲੇ ਵਿੱਚ ਜਿਹੜੀ ਇਕ ਲੜਕੀ ਦੇ ਪਰਿਵਾਰ ਨੇ ਉਸ ਦਾ 14 ਜਨਵਰੀ ਨੂੰ ਵਿਆਹ ਰੱਖਿਆ ਹੋਇਆ ਸੀ ਉਹ ਪਰਿਵਾਰ ਵਧੇਰੇ ਚਿੰਤਤ ਹੈ। ਇਹ ਲੜਕੀ ਘਰੋਂ ਜਾਣ ਲੱਗਿਆਂ ਪੈਸੇ ਅਤੇ ਵਿਆਹ ਲਈ ਬਣਾਇਆ ਗਹਿਣਾ ਆਦਿ ਨਾਲ ਲੈ ਗਈ ਹੈ।
ਇਹ ਲੜਕੀ ਇਥੇ ਆਪਣੇ ਨਾਨਕੇ ਰਹਿੰਦੀ ਸੀ। ਪਰਿਵਾਰ ਵਲੋਂ ਸਥਾਨਕ ਥਾਣਾ ਸਿਟੀ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਲੜਕੀਆਂ ਦੇ ਬਾਲਗ ਹੋਣ ਕਰਕੇ ਮਾਮਲੇ ਵਿੱਚ ਪੁਲੀਸ ਦਖਲਅੰਦਾਜ਼ੀ ਕਰਨ ਤੋਂ ਅਸਮਰਥ ਹੈ। ਇਸ ਲੜਕੀ ਦਾ ਜਿਸ ਨਾਲ ਵਿਆਹ ਹੋਣਾ ਸੀ ਉਸ ਪਰਿਵਾਰ ਨੇ ਰਿਸ਼ਤੇ ਤੋਂ ਤੋੜ ਵਿਛੋੜਾ ਕਰ ਲਿਆ ਹੈ। ਇਸ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰਕੇ ਲੈ ਜਾਣ ਵਾਲੀ ਲੜਕੀ ਵਲੋਂ ਉਨ੍ਹਾਂ ਨੂੰ ਇੰਸਟਾਗਰਾਮ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਲੜਕੀਆਂ ਇਥੋਂ ਦੇ ਇਕ ਸਕੂਲ ਵਿੱਚ ਇਕੱਠੀਆਂ ਪੜ੍ਹਦੀਆਂ ਸਨ। ਲੜਕੀਆਂ ਇਸ ਤੋਂ ਪਹਿਲਾਂ ਵੀ ਘਰੋਂ ਕਿਧਰੇ ਚਲੇ ਗਈਆਂ ਸਨ ਅਤੇ ਫਿਰ ਵਾਪਸ ਲੈ ਆਂਦੀਆਂ ਸਨ। ਇਸ ਮਾਮਲੇ ਨੇ ਦੋਹਾਂ ਪਰਿਵਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
