ਮੁੰਬਈ- ਏਅਰਲਾਈਨਜ਼ ਇੰਡੀਗੋ ਨੇ ਅੱਜ ਖਰਾਬ ਮੌਸਮ ਅਤੇ ਸੰਚਾਲਨ ਸਬੰਧੀ ਕਾਰਨਾਂ ਕਰਕੇ ਕਈ ਹਵਾਈ ਅੱਡਿਆਂ ਤੋਂ 67 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਹ ਜਾਣਕਾਰੀ ਏਅਰਲਾਈਨ ਨੇ ਆਪਣੀ ਵੈੱਬਸਾਈਟ ’ਤੇ ਨਸ਼ਰ ਕੀਤੀ ਹੈ। ਇੰਡੀਗੋ ਨੇ ਦੱਸਿਆ ਕਿ ਰੱਦ ਕੀਤੀਆਂ ਗਈਆਂ 67 ਉਡਾਣਾਂ ਵਿੱਚੋਂ ਸਿਰਫ ਚਾਰ ਸੰਚਾਲਨ ਕਾਰਨਾਂ ਕਰਕੇ ਅਤੇ ਬਾਕੀ ਵੱਖ-ਵੱਖ ਹਵਾਈ ਅੱਡਿਆਂ ’ਤੇ ਖਰਾਬ ਮੌਸਮ ਕਾਰਨ ਰੱਦ ਕੀਤੀਆਂ ਗਈਆਂ ਹਨ। ਇਹ ਉਡਾਣਾਂ ਅਗਰਤਲਾ, ਚੰਡੀਗੜ੍ਹ, ਦੇਹਰਾਦੂਨ, ਵਾਰਾਣਸੀ, ਬੰਗਲੁਰੂ ਆਦਿ ਵਿਚ ਪ੍ਰਭਾਵਿਤ ਹੋਈਆਂ ਹਨ। ਏਵੀਏਸ਼ਨ ਰੈਗੂਲੇਟਰ ਡੀਜੀਸੀਏ ਨੇ 10 ਦਸੰਬਰ ਤੋਂ 10 ਫਰਵਰੀ ਦਰਮਿਆਨ ਦੀ ਮਿਆਦ ਨੂੰ ਇਸ ਸਰਦੀਆਂ ਵਿੱਚ ਧੁੰਦ ਵਾਲੀ ਵਿੰਡੋ ਐਲਾਨਿਆ ਹੋਇਆ ਹੈ। ਡੀਜੀਸੀਏ ਵਲੋਂ ਏਅਰਲਾਈਨਾਂ ਨੂੰ ਕਿਹਾ ਗਿਆ ਹੈ ਕਿ ਉਹ ਘੱਟ ਦਿਸਣ ਹੱਦ ਕਾਰਨ ਅਜਿਹੇ ਪਾਇਲਟ ਤਾਇਨਾਤ ਕਰਨ ਜਿਨ੍ਹਾਂ ਨੂੰ ਅਜਿਹੇ ਹਾਲਾਤ ਵਿਚ ਉਡਾਣਾਂ ਚਲਾਉਣ ਦੀ ਵਿਸ਼ੇਸ਼ ਸਿਖਲਾਈ ਮਿਲੀ ਹੋਈ ਹੋਵੇ।
