ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੱਥੇ ਕੈਥੀਡ੍ਰਲ ਚਰਚ ਆਫ਼ ਦ ਰੀਡੈਂਪਸ਼ਨ ਵਿੱਚ ਕਰਿਸਮਸ ਦੀ ਸਵੇਰ ਦੀ ਪ੍ਰਾਰਥਨਾ ਸੇਵਾ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਦਿੱਲੀ ਅਤੇ ਉੱਤਰੀ ਭਾਰਤ ਤੋਂ ਆਏ ਕ੍ਰਿਸਚਨ ਭਾਈਚਾਰੇ ਦੇ ਵੱਡੇ ਜਥੇ ਨੇ ਭਾਗ ਲਿਆ। ਸੇਵਾ ਦੌਰਾਨ ਦਿੱਲੀ ਦੇ ਬਿਸ਼ਪ ਰਾਈਟ ਰੈਵ. ਡਾ. ਪੌਲ ਸਵਰੂਪ ਵੱਲੋਂ ਪ੍ਰਧਾਨ ਮੰਤਰੀ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ। ਮੋਦੀ ਨੇ ਐਕਸ (X) ‘ਤੇ ਇਕ ਪੋਸਟ ਵਿੱਚ ਕਿਹਾ, “ਦਿੱਲੀ ਦੇ ਕੈਥੀਡ੍ਰਲ ਚਰਚ ਆਫ਼ ਦ ਰੀਡੈਂਪਸ਼ਨ ਵਿੱਚ ਕਰਿਸਮਸ ਦੀ ਸਵੇਰ ਦੀ ਪ੍ਰਾਰਥਨਾ ਸੇਵਾ ਵਿੱਚ ਸ਼ਾਮਿਲ ਹੋਇਆ। ਇਹ ਸੇਵਾ ਪਿਆਰ, ਸ਼ਾਂਤੀ ਅਤੇ ਕਰੁਣਾ ਦੇ ਸਦੀਵੀ ਸੁਨੇਹੇ ਨੂੰ ਦਰਸਾਉਂਦੀ ਸੀ। ਕਰਿਸਮਸ ਦੀ ਸਾਡੇ ਸਮਾਜ ਵਿੱਚ ਸਦਭਾਵਨਾ ਅਤੇ ਚੰਗਿਆਈ ਨੂੰ ਪ੍ਰੇਰਿਤ ਕਰੇ।”
ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਕਰਿਸਮਸ ਮੌਕੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਪਿਛਲੇ ਕੁਝ ਸਾਲਾਂ ਤੋਂ ਪ੍ਰਧਾਨ ਮੰਤਰੀ ਮੋਦੀ ਨਿਯਮਿਤ ਤੌਰ ‘ਤੇ ਕ੍ਰਿਸਚਨ ਭਾਈਚਾਰੇ ਨਾਲ ਜੁੜੇ ਕਾਰਜਕ੍ਰਮਾਂ ਵਿੱਚ ਸ਼ਾਮਿਲ ਹੁੰਦੇ ਆ ਰਹੇ ਹਨ। ਈਸਟਰ 2023 ਦੌਰਾਨ, ਉਨ੍ਹਾਂ ਨੇ ਦਿੱਲੀ ਦੇ ਸੈਕਰਡ ਹਾਰਟ ਕੈਥੀਡ੍ਰਲ ਵਿੱਚ ਇੱਕ ਕਾਰਜਕ੍ਰਮ ਵਿੱਚ ਭਾਗ ਲਿਆ ਸੀ। ਕਰਿਸਮਸ 2023 ਮੌਕੇ ਉਨ੍ਹਾਂ ਨੇ ਦਿੱਲੀ ਦੇ 7, ਲੋਕ ਕਲਿਆਣ ਮਾਰਗ ਸਥਿਤ ਆਪਣੇ ਨਿਵਾਸ ’ਤੇ ਇੱਕ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਸੀ। ਇਸ ਦਰਮਿਆਨ, ਉਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਵੀ ਕਰਿਸਮਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ।
