ਬੈਂਕਾਕ- ਥਾਈਲੈਂਡ ਦੀ ਸੰਵਿਧਾਨਕ ਅਦਾਲਤ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਪਾਏਤੋਂਗਤਾਰਨ ਸ਼ਿਨਾਵਾਤਰਾ ਨੂੰ ਉਨ੍ਹਾਂ ਦੀ ਬਰਖਾਸਤਗੀ ਦੀ ਮੰਗ ਕਰਨ ਵਾਲੇ ਕੇਸ ਦੇ ਫੈਸਲੇ ਤੱਕ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਇਹ ਕਦਮ ਇੱਕ ਅਜਿਹੀ ਸਰਕਾਰ ’ਤੇ ਵਧਦੇ ਦਬਾਅ ਨੂੰ ਦਰਸਾਉਂਦਾ ਹੈ, ਜੋ ਕਈ ਮੋਰਚਿਆਂ ’ਤੇ ਜੀਵਤ ਰਹਿਣ ਲਈ ਸੰਘਰਸ਼ ਕਰ ਰਹੀ ਹੈ।
ਇਸ ਬਾਰੇ ਅਦਾਲਤ ਨੇ 36 ਸੈਨੇਟਰਾਂ ਦੀ ਪਟੀਸ਼ਨ ਨੂੰ ਸਵੀਕਾਰ ਕੀਤਾ ਹੈ। ਇਸ ਪਟੀਸ਼ਨ ਵਿਚ ਪਾਏਤੋਂਗਤਾਰਨ ’ਤੇ ਕੰਬੋਡੀਆ ਦੇ ਪ੍ਰਭਾਵਸ਼ਾਲੀ ਸਾਬਕਾ ਨੇਤਾ ਹੁਨ ਸੇਨ ਨਾਲ ਇੱਕ ਰਾਜਨੀਤਿਕ ਤੌਰ ’ਤੇ ਸੰਵੇਦਨਸ਼ੀਲ ਟੈਲੀਫੋਨ ਗੱਲਬਾਤ ਲੀਕ ਕਰਨ ਦੇ ਸਬੰਧ ਵਿੱਚ ਬੇਈਮਾਨੀ ਅਤੇ ਨੈਤਿਕ ਮਾਪਦੰਡਾਂ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਹੈ। ਅਦਾਲਤ ਨੇ ਇੱਕ ਬਿਆਨ ਵਿੱਚ ਕਿਹਾ, ‘‘ਅਦਾਲਤ ਨੇ ਪਟੀਸ਼ਨ ’ਤੇ ਵਿਚਾਰ ਕੀਤਾ ਹੈ ਅਤੇ ਸਰਬਸੰਮਤੀ ਨਾਲ ਕੇਸ ਨੂੰ ਵਿਚਾਰਨ ਲਈ ਸਵੀਕਾਰ ਕਰ ਲਿਆ ਹੈ।’’
ਜਦੋਂ ਤੱਕ ਅਦਾਲਤ ਪਾਏਤੋਂਗਤਾਰਨ ਵਿਰੁੱਧ ਕੇਸ ਦਾ ਫੈਸਲਾ ਨਹੀਂ ਕਰ ਲੈਂਦੀ ਉਦੋਂ ਤੱਕ ਉਪ ਪ੍ਰਧਾਨ ਮੰਤਰੀ ਸੂਰੀਆ ਜੁਆਂਗ (ਜੁਆਂਗਰੂੰਗਰੂਆਂਗਕਿਟ) ਕਾਰਜਕਾਰੀ ਸਮਰੱਥਾ ਵਿੱਚ ਅਹੁਦਾ ਸੰਭਾਲਣਗੇ। ਪਾਏਤੋਂਗਤਾਰਨ ਕੋਲ ਜਵਾਬ ਦੇਣ ਲਈ 15 ਦਿਨ ਹਨ ਅਤੇ ਉਹ ਇੱਕ ਮੰਤਰੀ ਮੰਡਲ ਵਿੱਚ ਬਦਲਾਅ ਤੋਂ ਬਾਅਦ ਨਵੇਂ ਸੱਭਿਆਚਾਰ ਮੰਤਰੀ ਵਜੋਂ ਕੈਬਨਿਟ ਵਿੱਚ ਬਣੀ ਰਹੇਗੀ। ਸੈਰ-ਸਪਾਟਾ ਮੰਤਰੀ ਅਤੇ ਫਿਊ ਥਾਈ ਪਾਰਟੀ ਦੇ ਸਕੱਤਰ-ਜਨਰਲ ਸੋਰਾਵੋਂਗ ਥੀਅਨਥੋਂਗ ਨੇ ਰਾਇਟਰਜ਼ ਨੂੰ ਦੱਸਿਆ, ‘‘ਸਰਕਾਰੀ ਕੰਮ ਨਹੀਂ ਰੁਕਦਾ, ਕੋਈ ਸਮੱਸਿਆ ਨਹੀਂ ਹੈ। ਸੂਰੀਆ ਕਾਰਜਕਾਰੀ ਪ੍ਰਧਾਨ ਮੰਤਰੀ ਬਣਨਗੇ।’’
ਇੱਥੇ ਦੱਸਣਾ ਬਣਦਾ ਹੈ ਕਿ ਕੰਬੋਡੀਆ ਦੇ ਸਿਆਸਤਦਾਨ ਨਾਲ ਲੀਕ ਹੋਈ ਫੋਨ ਕਾਲ ਨੇ ਘਰੇਲੂ ਪੱਧਰ ’ਤੇ ਗੁੱਸਾ ਪੈਦਾ ਕੀਤਾ ਹੈ ਅਤੇ ਪਾਏਤੋਂਗਤਾਰਨ ਦੀ ਗੱਠਜੋੜ ਸਰਕਾਰ ਕੋਲ ਬਹੁਤ ਹੀ ਘੱਟ ਬਹੁਮਤ ਬਚਿਆ ਹੈ। 15 ਜੂਨ ਨੂੰ ਕੰਬੋਡੀਆ ਨਾਲ ਵਧਦੇ ਸਰਹੱਦੀ ਤਣਾਅ ਨੂੰ ਘੱਟ ਕਰਨ ਦੇ ਇਰਾਦੇ ਨਾਲ ਕੀਤੀ ਗਈ ਇੱਕ ਕਾਲ ਦੌਰਾਨ 38 ਸਾਲਾ ਪਾਏਤੋਂਗਤਾਰਨ ਹੁਨ ਸੇਨ ਅੱਗੇ ਝੁਕ ਗਈ ਅਤੇ ਇੱਕ ਥਾਈ ਫੌਜ ਕਮਾਂਡਰ ਦੀ ਆਲੋਚਨਾ ਕੀਤੀ। ਹਾਲਾਂਕਿ ਉਸ ਨੇ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਸਦੀ ਟਿੱਪਣੀ ਇੱਕ ਗੱਲਬਾਤ ਦੀ ਚਾਲ ਸੀ।