December 28, 2025
ਖਾਸ ਖ਼ਬਰਪੰਜਾਬਰਾਸ਼ਟਰੀ

ਸਰਹੱਦੀ ਪਿੰਡਾਂ ਦੇ ਵਸਨੀਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ

ਸਰਹੱਦੀ ਪਿੰਡਾਂ ਦੇ ਵਸਨੀਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ

ਗੁਰਦਾਸਪੁਰ- ਕੌਮਾਂਤਰੀ ਸਰਹੱਦ (IB) ਦੇ ਨੇੜੇ ਰਹਿਣ ਵਾਲੇ ਸੈਂਕੜੇ ਵਸਨੀਕਾਂ ਨੂੰ ਡਰ ਅਤੇ ਸਹਿਮ ਨੇ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ, ਜਦੋਂ ਕਿ ਅਧਿਕਾਰੀਆਂ ਨੂੰ ਪੇਂਡੂਆਂ ਦੀ ਸ਼ਹਿਰੀ ਖੇਤਰਾਂ ਵਿੱਚ ਸੰਭਾਵਿਤ ਹਿਜਰਤ ਦਾ ਡਰ ਹੈ, ਕਿਉਂਕਿ ਇਸ ਨਾਲ ਹਾਲਾਤ ਹੋਰ ਵੀ ਵਿਗੜ ਸਕਦੇ ਹਨ।

ਪੁਰਾਣੇ ਸਮੇਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਅਤੇ ਫੌਜੀ ਦਬਾਅ ਕਾਰਨ ਚੱਲ ਰਿਹਾ ਟਕਰਾਅ, ਜ਼ਿਆਦਾਤਰ ਲੋਕਾਂ ‘ਤੇ ਮਨੋਵਿਗਿਆਨਕ ਜ਼ਖ਼ਮ ਛੱਡ ਦੇਵੇਗਾ। ਤਾਰ-ਵਾੜ ਦੇ ਨੇੜੇ ਸਥਿਤ ਕੁਝ ਪਿੰਡਾਂ ਦੇ ਵਸਨੀਕਾਂ ਦਾ ਕਹਿਣਾ ਹੈ ਜੰਗ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਪੈ ਸਕਦੇ ਹਨ। ਉਨ੍ਹਾਂ ਮੁਤਾਬਕ ਮਿਜ਼ਾਈਲਾਂ, ਬੰਬਾਂ ਅਤੇ ਗੋਲੀਆਂ ਨੇ ਪਹਿਲਾਂ ਹੀ ਭਾਰੀ ਡਰ, ਬੇਵੱਸੀ ਅਤੇ ਦਹਿਸ਼ਤ ਪੈਦਾ ਕਰ ਦਿੱਤੀ ਹੈ।

ਬੀਤੀ ਅੱਧੀ ਰਾਤ ਨੂੰ ਲੋਕਾਂ ਨੂੰ ਅਚਾਨਕ ਮਿਜ਼ਾਈਲਾਂ ਦੀਆਂ ਘਾਤਕ ਆਵਾਜ਼ਾਂ ਅਤੇ ਬੰਬਾਂ ਦੇ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ ਅਤੇ ਉਹ ਉੱਭੜਵਾਹੇ ਡਰ ਕੇ ਨੀਂਦ ਵਿਚੋਂ ਜਾਗ ਪਏ। ਕੌਮਾਂਤਰੀ ਸਰਹੱਦ ‘ਤੇ ਸਥਿਤ ਪਿੰਡ ਨਡਾਲਾ ਦੇ ਵਸਨੀਕ ਰਣਜੀਤ ਸਿੰਘ ਧਾਲੀਵਾਲ ਨੇ ਕਿਹਾ, “ਰਾਤ ਦਾ ਅਸਮਾਨ ਲਾਲ ਹੋ ਗਿਆ। ਮੇਰੇ ਪਿਤਾ ਜੀ, ਜਿਨ੍ਹਾਂ ਨੇ 1971 ਦੀ ਜੰਗ ਨੂੰ ਨੇੜਿਓਂ ਦੇਖਿਆ ਸੀ, ਕਹਿੰਦੇ ਸਨ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਧਮਾਕਿਆਂ ਦਾ ਧੂੰਆਂ ਅਤੇ ਅੱਗ ਅਸਮਾਨ ਨੂੰ ਰੌਸ਼ਨ ਕਰ ਦਿੰਦਾ ਹੈ। ਇਹ ਸਾਡੇ ਲਈ ਜੰਗ ਸਮੇਂ ਦੀਆਂ ਘਟਨਾਵਾਂ ਦੀ ਤਬਾਹੀ ਅਤੇ ਭਿਆਨਕਤਾ ਦੀ ਕਲਪਨਾ ਕਰਨ ਲਈ ਕਾਫ਼ੀ ਸੀ।”

ਕੱਲ੍ਹ ਰਾਤ ਦੀ ਘਟਨਾ ਇੱਕ ਵੱਡੀ ਜੰਗ ਵਿੱਚ ਬਦਲ ਸਕਦੀ ਹੈ ਜਾਂ ਨਹੀਂ, ਇਹ ਹਾਲੇ ਆਖਿਆ ਨਹੀਂ ਜਾ ਸਕਦਾ, ਪਰ ਇਹ ਸਰਹੱਦੀ ਲੋਕਾਂ ਲਈ ਉਨੀਂਦਰੇ ਅਤੇ ਸਰੀਰ ਵਿੱਚ ਦਰਦ ਵਰਗੀਆਂ ਮਨੋਵਿਗਿਆਨਕ ਸਮੱਸਿਆਵਾਂ ਦਾ ਅਨੁਭਵ ਕਰਨ ਲਈ ਕਾਫ਼ੀ ਹਨ।

ਉਨ੍ਹਾਂ ਕਿਹਾ, “ਇਸਦਾ ਪ੍ਰਭਾਵ, ਜਿਵੇਂ ਕਿ 1971 ਅਤੇ 1965 ਦੀਆਂ ਜੰਗਾਂ ਵਿੱਚ ਪਿਆ ਸੀ, ਮੰਦਵਾੜੇ ਵੱਲ ਲੈ ਜਾਵੇਗਾ ਅਤੇ ਇਸ ਦੇ ਨਾਲ ਹੀ ਵਿਆਪਕ ਹਥਿਆਰਬੰਦ ਟਕਰਾਅ ਦਾ ਖ਼ਦਸ਼ਾ ਵੀ ਬਣਿਆ ਰਹੇਗਾ।’’

ਬੱਸ ਬਹੁਤ ਹੋ ਗਿਆ, ਹੋਰ ਜੰਗ ਨਹੀਂ ਚਾਹੀਦੀ: ਸਾਬਕਾ ਫ਼ੌਜੀ ਕੈਪਟਨ ਦਿਆਲ ਸਿੰਘ

ਉਸੇ ਪਿੰਡ ਦੇ ਇੱਕ ਸਾਬਕਾ ਫੌਜੀ ਕੈਪਟਨ ਦਿਆਲ ਸਿੰਘ ਨੇ ਕਿਹਾ, “ਜਦੋਂ ਜੰਗ ਸ਼ੁਰੂ ਹੁੰਦੀ ਹੈ, ਤਾਂ ਸਾਨੂੰ ਬਹੁਤ ਨੁਕਸਾਨ ਹੁੰਦਾ ਹੈ। ਹੁਣ ਬੱਸ ਹੋਣੀ ਚਾਹੀਦੀ ਹੈ, ਪਹਿਲਾਂ ਹੀ ਬਹੁਤ ਹੋ ਗਿਆ ਹੈ। ਅਸੀਂ ਇੰਨਾ ਖੂਨ-ਖਰਾਬਾ ਦੇਖਿਆ ਹੈ ਕਿ ਅਸੀਂ ਅਜਿਹਾ ਹੋਰ ਨਹੀਂ ਚਾਹੁੰਦੇ। ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਉਹ ਸਰਹੱਦੀ ਪਿੰਡਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੰਦੀ ਹੈ, ਪਰ ਇਹ ਸਭ ਮਹਿਜ਼ ਇੱਕ ਮਜ਼ਾਕ ਹੈ।”

ਤਿੱਬੜੀ ਛਾਉਣੀ ਦੇ ਨੇੜੇ ਪਿੰਡ ਪੰਧੇਰ ਦੇ ਖੇਤਾਂ ’ਚੋਂ ਮਿਲੇ ਬੰਬ ਬਾਰੇ ਭੇਤ ਬਰਕਰਾਰ

ਇਸ ਦੌਰਾਨ, ਤਿੱਬੜੀ ਛਾਉਣੀ ਦੇ ਨੇੜੇ ਸਥਿਤ ਪੰਧੇਰ ਪਿੰਡ ਦੇ ਖੇਤਾਂ ਵਿੱਚ ਮਿਲੇ ਬੰਬ ਬਾਰੇ ਭੇਤ ਅਜੇ ਵੀ ਬਣਿਆ ਹੋਇਆ ਹੈ। ਘਟਨਾ ਨੂੰ 18 ਘੰਟੇ ਬੀਤ ਜਾਣ ਦੇ ਬਾਵਜੂਦ, ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਗੁਰਦਾਸਪੁਰ ਦੇ ਐਸਐਸਪੀ ਅਦਿੱਤਿਆ ਅਤੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਨੇ ਸਵੇਰੇ ਘਟਨਾ ਸਥਾਨ ਦਾ ਦੌਰਾ ਕੀਤਾ। ਖੋਜੀ ਕੁੱਤਿਆਂ ਦੀ ਟੀਮ ਨੂੰ ਵੀ ਸੇਵਾ ਵਿੱਚ ਬੁਲਾਇਆ ਗਿਆ ਸੀ। ਪੁਲੀਸ ਨੇ ਇਸ ਸਾਰੇ ਚੁੱਪ ਧਾਰੀ ਹੋਈ ਹੈ ਅਤੇ ਇੰਨਾ ਹੀ ਕਿਹਾ ਕਿ ‘‘ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।”

ਸਰਪੰਚ ਦਿਲਬਾਗ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਬੀਤੀ ਰਾਤ ਬੰਬ ​​ਬਾਰੇ ਪ੍ਰਸ਼ਾਸਨ ਨੂੰ ਚੌਕਸ ਕੀਤਾ ਸੀ। ਉਨ੍ਹਾਂ ਕਿਹਾ, “ਪਿੰਡ ਵਾਸੀਆਂ ਨੇ ਉਸ ਜਗ੍ਹਾ ਤੋਂ ਵੱਡੀ ਅੱਗ ਦੀ ਸੂਚਨਾ ਦਿੱਤੀ ਜਿੱਥੇ ਬੰਬ ਮਿਲਿਆ ਸੀ। ਬੰਬ ਦੇ ਟੁਕੜੇ 500 ਫੁੱਟ ਦੇ ਘੇਰੇ ਵਿੱਚ ਖਿੰਡੇ ਹੋਏ ਮਿਲੇ।” ਇਹ ਪਿੰਡ ਟਿਬਰੀ ਛਾਉਣੀ ਤੋਂ ਯੂਬੀਡੀਸੀ ਨਹਿਰ ਦੁਆਰਾ ਵੱਖ ਕੀਤਾ ਗਿਆ ਹੈ।

Related posts

ਸਪੀਕਰ ਕੁਲਤਾਰ ਸੰਧਵਾਂ ਵੱਲੋਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

Current Updates

ਪ੍ਰੋਫੈਸਰ ਨਾਲ ਲੜਾਈ ਕਾਰਨ NSA ਤਹਿਤ ਜੇਲ੍ਹ ਬੰਦ ਲਾਅ ਵਿਦਿਆਰਥੀ ਦੀ ਰਿਹਾਈ ਦੇ ਹੁਕਮ

Current Updates

ਅੱਜ ਸ਼ਾਮੀਂ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਮੋਦੀ

Current Updates

Leave a Comment