April 12, 2025
ਖਾਸ ਖ਼ਬਰਪੰਜਾਬਰਾਸ਼ਟਰੀ

ਮੁੱਖ ਮੰਤਰੀ ਵੱਲੋਂ ਮਾਝਾ ਖੇਤਰ ਨੂੰ 135 ਕਰੋੜ ਰੁਪਏ ਦਾ ਤੋਹਫਾ

ਮੁੱਖ ਮੰਤਰੀ ਵੱਲੋਂ ਮਾਝਾ ਖੇਤਰ ਨੂੰ 135 ਕਰੋੜ ਰੁਪਏ ਦਾ ਤੋਹਫਾ
ਮਿਲਕਫੈਡ ਦੇ ਵਿਸਤਾਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ

ਕਿਸਾਨਾਂ ਨੂੰ ਮਿਲੇਗਾ 370 ਕਰੋੜ ਰੁਪਏ ਦਾ ਲਾਭ, ਨੌਜਵਾਨਾਂ ਨੂੰ ਮਿਲਣਗੀਆਂ 1200 ਨੌਕਰੀਆਂ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਥਾਨਕ ਮਿਲਕ ਪਲਾਂਟ ਦਾ ਵਿਸਤਾਰ ਕਰਨ ਲਈ 135 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ਨਾਲ ਲੱਸੀ, ਦਹੀਂ ਅਤੇ ਵੱਖ-ਵੱਖ ਸੁਆਦ ਵਾਲੇ ਦੁੱਧ ਸਮੇਤ ਹੋਰ ਉਤਪਾਦ ਤਿਆਰ ਕਰਨ ਦੀ ਸਮਰੱਥਾ ਵਿੱਚ ਇਜ਼ਾਫਾ ਹੋਵੇਗਾ।
ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸਮਾਗਮ ਕਦੇ ਵੀ ਪਿਛਲੀਆਂ ਸਰਕਾਰਾਂ ਦੌਰਾਨ ਨਹੀਂ ਦੇਖੇ ਗਏ ਕਿਉਂਕਿ ਉਸ ਮੌਕੇ ਦੇ ਸੱਤਾਧਾਰੀ ਆਮ ਲੋਕਾਂ ਦੀ ਬਜਾਏ ਸਿਰਫ ਆਪਣੇ ਪਰਿਵਾਰਾਂ ਦੀ ਹੀ ਪ੍ਰਵਾਹ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਆਏ ਦਿਨ ਅਜਿਹੇ ਸਮਾਗਮ ਹੁੰਦੇ ਹਨ ਕਿਉਂ ਜੋ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸੂਬੇ ਦੇ ਹਰੇਕ ਖੇਤਰ ਵਿੱਚ ਤਰੱਕੀ ਤੇ ਵਿਕਾਸ ਦੀ ਝਲਕ ਦੇਖੀ ਜਾ ਸਕਦੀ ਹੈ ਅਤੇ ਇਸ ਮਕਸਦ ਲਈ ਸੂਬਾ ਸਰਕਾਰ ਪੂਰੀ ਵਾਹ ਲਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਵੱਲੋਂ ਹੁਣ ਈ-ਕਾਮਰਸ ਪਲੇਟਫਾਰਮ ਜ਼ਰੀਏ ਵੀ ਆਪਣੇ ਉਤਪਾਦ ਵੇਚਣ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਦੁਨੀਆ ਭਰ ਵਿੱਚ ਬੈਠੇ ਲੋਕ ਆਨਲਾਈਨ ਖਰੀਦਦਾਰੀ ਰਾਹੀਂ ਮਿਆਰੀ ਉਤਪਾਦਾਂ ਦਾ ਸੁਆਦ ਲੈ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਉੱਘੇ ਖਿਡਾਰੀਆਂ ਨੂੰ ਵੇਰਕਾ ਦੇ ਬ੍ਰਾਂਡ ਅੰਬੈਸਡਰ ਵਜੋਂ ਨਾਲ ਜੋੜੇਗੀ ਤਾਂ ਜੋ ਦੁਨੀਆ ਭਰ ਵਿੱਚ ਵੇਰਕਾ ਦੇ ਉਤਪਾਦ ਪਹੁੰਚਾਏ ਜਾ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਵਧੀਆ ਦੁੱਧ, ਦਹੀਂ, ਲੱਸੀ ਅਤੇ ਹੋਰ ਉਤਪਾਦ ਪੈਦਾ ਕਰਕੇ ਦੇਸ਼ ਵਿੱਚ ‘ਚਿੱਟੀ ਕ੍ਰਾਂਤੀ’ ਦੀ ਅਗਵਾਈ ਕੀਤੀ ਹੈ ਅਤੇ ਸਹੀ ਮਾਅਨਿਆਂ ਵਿੱਚ ਸੂਬੇ ਦਾ ਇਹੀ ਵਿਕਾਸ ਹੈ।ਮੁੱਖ ਮੰਤਰੀ ਵੱਲੋਂ ਮਾਝਾ ਖੇਤਰ ਨੂੰ 135 ਕਰੋੜ ਰੁਪਏ ਦਾ ਤੋਹਫਾ
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਨਾ ਸਿਰਫ਼ ਮਿਲਕਫੈੱਡ ਦੀ ਉਤਪਾਦਨ ਸਮਰੱਥਾ ਨੂੰ ਵਧਾਏਗਾ ਸਗੋਂ ਖੇਤਰ ਵਿੱਚ ਡੇਅਰੀ ਉਦਯੋਗ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਵੇਗਾ ਅਤੇ ਮਿਲਕ ਯੂਨੀਅਨ ਅੰਮ੍ਰਿਤਸਰ ਨਾਲ ਜੁੜੇ ਡੇਅਰੀ ਕਿਸਾਨਾਂ ਨੂੰ ਲਾਹੇਵੰਦ ਕੀਮਤਾਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਮੁਲਾਜ਼ਮਾਂ ਲਈ ਨਵੇਂ ਸੇਵਾ ਨਿਯਮਾਂ ਦਾ ਖਰੜਾ ਤਿਆਰ ਕੀਤਾ ਹੈ, ਜੋ ਕਿ ਮਿਲਕਫੈੱਡ ਮੁਲਾਜ਼ਮਾਂ ਲਈ ਮੀਲ ਪੱਥਰ ਸਾਬਤ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਨਾਲ ਰੈਗੂਲਰ ਮੁਲਾਜ਼ਮਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਬਰਾਬਰ ਤਨਖਾਹ ਮਿਲਿਆ ਕਰੇਗੀ। ਇਸ ਤੋਂ ਇਲਾਵਾ ਚੰਗੀ ਕਾਰਗੁਜ਼ਾਰੀ ਲਈ ਮੁਲਾਜ਼ਮਾਂ ਨੂੰ ਉਤਸ਼ਾਹਤ ਕਰਨ ਲਈ ਕਾਰਗੁਜ਼ਾਰੀ ਅਧਾਰਿਤ ਰਿਆਇਤਾਂ ਵੀ ਮਿਲਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ 1200 ਕਰਮਚਾਰੀਆਂ ਦੀ ਨਵੀਂ ਭਰਤੀ ਲਈ ਵੀ ਰਾਹ ਖੁੱਲ੍ਹੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਮਿਲਕਫੈੱਡ ਰਬੜੀ ਅਤੇ ਕਾਜੂ ਬਦਾਮ ਦੁੱਧ ਸਮੇਤ ਨਵੇਂ ਉਤਪਾਦ ਲਾਂਚ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਵੇਂ ਉਤਪਾਦ ਵੱਖ-ਵੱਖ ਖਪਤਕਾਰਾਂ ਦੀਆਂ ਤਰਜੀਹਾਂ ਨੂੰ ਪੂਰਾ ਕਰਨਗੇ, ਜਿਸ ਨਾਲ ਮਿਲਕਫੈੱਡ ਮੋਹਰੀ ਡੇਅਰੀ ਬ੍ਰਾਂਡ ਵਜੋਂ ਹੋਰ ਮਜ਼ਬੂਤੀ ਨਾਲ ਉੱਭਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਮਿਲਕਫੈੱਡ ਦਾ ਨਵਾਂ ਮੈਸਕਟ- ‘ਵੀਰਾ’ ਵੀ ਲਾਂਚ ਕੀਤਾ ਗਿਆ ਹੈ ਜੋ ਬ੍ਰਾਂਡ ਅੰਬੈਸਡਰ ਵਜੋਂ ਵਿਚਰੇਗਾ ਅਤੇ ਇਸ ਨਾਲ ਵੇਰਕਾ ਦੀ ਆਪਣੇ ਗਾਹਕਾਂ ਨਾਲ ਸਾਂਝ ਹੋਰ ਗੂੜੀ ਹੋਵੇਗੀ। ਉਨ੍ਹਾਂ ਕਿਹਾ ਕਿ ਮਿਲਕਫੈੱਡ ਦੀ ਸਥਾਪਨਾ 1973 ਵਿੱਚ ਪੰਜਾਬ ਵਿੱਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ ਅਤੇ ਇਸ ਦਾ ਮੁੱਖ ਉਦੇਸ਼ ਦੁੱਧ ਉਤਪਾਦਕਾਂ ਨੂੰ ਲਾਹੇਵੰਦ ਕੀਮਤਾਂ ਪ੍ਰਦਾਨ ਕਰਨਾ, ਦੁੱਧ ਦੀ ਖਰੀਦ ਨੂੰ ਵਧਾਉਣ ਲਈ ਤਕਨੀਕੀ ਸਹਾਇਤਾ ਦੇਣਾ ਅਤੇ ਡੇਅਰੀ ਉਤਪਾਦਾਂ ਦੀ ਪ੍ਰਭਾਵਸ਼ਾਲੀ ਮਾਰਕੀਟਿੰਗ ਨੂੰ ਯਕੀਨੀ ਬਣਾਉਣਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਮੇਂ ‘ਮਿਲਕਫੈੱਡ ਪੰਜਾਬ’, ਭਾਰਤ ਦਾ ਸੱਤਵਾਂ ਸਭ ਤੋਂ ਵੱਡਾ ਦੁੱਧ ਸਹਿਕਾਰੀ ਅਦਾਰਾ ਹੈ ਜਿਸ ਦਾ ਸਾਲਾਨਾ ਕਾਰੋਬਾਰ 6000 ਕਰੋੜ ਰੁਪਏ ਤੋਂ ਵੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਡੇਅਰੀ ਕਿਸਾਨਾਂ ਦੀ ਮਦਦ ਲਈ ਵੱਧ ਖ਼ਰੀਦ ਕੀਮਤਾਂ ਦੇਣ ਵਾਸਤੇ ਬਜਟ ਸਹਾਇਤਾ ਵਜੋਂ 100 ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਿਲਕਫੈੱਡ ਦੀ ਮੁੱਖ ਤਾਕਤ ਵਧੀਆ ਗੁਣਵੱਤਾ ਵਾਲੇ ਦੁੱਧ ਦੀ ਖਰੀਦ ਅਤੇ ਉੱਚ ਗੁਣਵੱਤਾ ਵਾਲੇ ਦੁੱਧ ਉਤਪਾਦਾਂ ਦੇ ਉਤਪਾਦਨ ਵਿੱਚ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੁਣਵੱਤਾ ਵਾਲੇ ਉਤਪਾਦਾਂ ਨੂੰ ਯਕੀਨੀ ਬਣਾਉਣ ਲਈ ਮਿਲਕਫੈੱਡ ਅਤਿ-ਆਧੁਨਿਕ ਦੁੱਧ ਪਲਾਂਟ ਅਤੇ ਦੁੱਧ ਜਾਂਚ ਉਪਕਰਣ ਲਗਾਉਣ ‘ਤੇ ਭਾਰੀ ਨਿਵੇਸ਼ ਕਰ ਰਿਹਾ ਹੈ ਤਾਂ ਜੋ ਪੂਰੀ ਲੜੀ ਵਿੱਚ ਦੁੱਧ ਦੀ ਹਰ ਬੂੰਦ ਦੀ ਗੁਣਵੱਤਾ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਸਕੇ ਅਤੇ ਖਪਤਕਾਰਾਂ ਨੂੰ ਸੁਰੱਖਿਅਤ ਉਤਪਾਦ ਪਹੁੰਚਾਏ ਜਾ ਸਕਣ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਵੇਰਕਾ ਨੂੰ ਵੱਧ ਤੋਂ ਵੱਧ ਦੁੱਧ ਮੁਹੱਈਆ ਕਰਵਾਉਣ ਲਈ ਕਿਹਾ ਤਾਂ ਜੋ ਇਹ ਸੰਸਥਾ ਦੁੱਧ ਉਤਪਾਦਕਾਂ ਨੂੰ ਲਾਹੇਵੰਦ ਦਰਾਂ ਦੀ ਪੇਸ਼ਕਸ਼ ਕਰਨ ਦੇ ਨਾਲ-ਨਾਲ ਆਪਣਾ ਕਾਰੋਬਾਰ ਵਧਾਉਣ ਦੇ ਯੋਗ ਹੋ ਸਕੇ। ਉਨ੍ਹਾਂ ਕਿਹਾ ਕਿ ਮਿਲਕਫੈੱਡ ਸਮੇਂ-ਸਮੇਂ ‘ਤੇ ਨਵੇਂ ਦੁੱਧ ਉਤਪਾਦ ਲਾਂਚ ਕਰ ਰਿਹਾ ਹੈ, ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਿਲਕਫੈੱਡ ਭਾਰਤ ਭਰ ਵਿੱਚ ਆਪਣੀ ਪਹੁੰਚ ਵਧਾਉਣ ਦੀ ਪ੍ਰਕਿਰਿਆ ਵਿੱਚ ਹੈ ਅਤੇ ਦਿੱਲੀ ਅਤੇ ਐਨ.ਸੀ.ਆਰ. ਬਾਜ਼ਾਰਾਂ ਵਿੱਚ ਤਾਜ਼ਾ ਦੁੱਧ ਅਤੇ ਹੋਰ ਉਤਪਾਦ ਲਾਂਚ ਕੀਤੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਮਿਲਕਫੈੱਡ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ, ਜੋ ਆਪਣੇ ਬ੍ਰਾਂਡ ਨਾਮ ਵੇਰਕਾ ਦੇ ਮਾਰਕੇ ਹੇਠ ਦੁੱਧ, ਮੱਖਣ, ਘਿਓ ਅਤੇ ਹੋਰ ਡੇਅਰੀ ਉਤਪਾਦਾਂ ਸਮੇਤ ਕਈ ਉਤਪਾਦ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਉਤਪਾਦ ਆਪਣੀ ਚੰਗੀ ਗੁਣਵੱਤਾ ਅਤੇ ਬਿਹਤਰੀਨ ਸੁਆਦ ਕਾਰਨ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ।
ਵਿਰੋਧੀ ਧਿਰਾਂ ‘ਤੇ ਵਿਅੰਗ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂ ਸੱਤਾ ਲਈ ਆਪਸ ਵਿੱਚ ਲੜ ਰਹੇ ਹਨ, ਜਦੋਂ ਕਿ ਆਮ ਲੋਕਾਂ ਦੀ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਆਪਸ ਵਿੱਚ ਵੰਡੀ ਹੋਈ ਹੈ, ਜਿੱਥੇ ਆਗੂ ਸੱਤਾ ਦੀ ਖ਼ਾਤਰ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਮੇਸ਼ਾ ਸੱਤਾ ਲਈ ਲੜਦੇ ਰਹਿਣ ਵਾਲੇ ਮੌਕਾਪ੍ਰਸਤ ਅਤੇ ਲਾਲਚੀ ਆਗੂਆਂ ਤੋਂ ਸੂਬੇ ਲਈ ਕੁਝ ਵੀ ਵਧੀਆ ਦੀ ਉਮੀਦ ਨਹੀਂ ਰੱਖੀ ਜਾ ਸਕਦੀ।

Related posts

ਦੁੱਧ ਦੀ ਖਰੀਦ ਕੀਮਤ ਵਿੱਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ

Current Updates

ਜ਼ਿਆਦਾਤਰ ਭਾਰਤੀਆਂ ‘ਚ ਹੁੰਦੀ ਹੈ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ, ਇਸ ਤਰ੍ਹਾਂ ਕਰ ਸਕਦੇ ਹੋ ਇਨ੍ਹਾਂ ਨੂੰ ਦੂਰ

Current Updates

ਮੋਦੀ ਨੂੰ ਕੱਪੜੇ ਦੀ ਸਾਲਾਨਾ ਬਰਾਮਦ 9 ਲੱਖ ਕਰੋੜ ਰੁਪਏ ਹੋਣ ਦੀ ਉਮੀਦ

Current Updates

Leave a Comment