ਮੁੰਬਈ- ਆਰਬੀਆਈ ਨੇ ਲਗਾਤਾਰ ਦੂਜੀ ਵਾਰ ਨੀਤੀਗਤ ਦਰ 25 ਬੇਸਿਸ ਪੁਆਇੰਟ ਘਟਾ ਕੇ 6 ਪ੍ਰਤੀਸ਼ਤ ਕੀਤੀ ਭਾਰਤੀ ਰਿਜ਼ਰਵ ਬੈਂਕ (RBI) ਨੇ ਨੀਤੀਗਤ ਵਿਆਜ ਦਰਾਂ ਵਿਚ 25 ਅਧਾਰ ਅੰਕਾਂ (.25 ਫੀਸਦ) ਦੀ ਕਟੌਤੀ ਦਾ ਐਲਾਨ ਕੀਤਾ ਹੈ। ਉਂਝ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਕੇਂਦਰੀ ਬੈਂਕ ਨੇ ਰੈਪੋ ਦਰ ਘਟਾਉਣ ਦਾ ਫੈਸਲਾ ਲਿਆ ਹੈ। ਆਰਬੀਆਈ ਦੇ ਇਸ ਫੈਸਲੇ ਨਾਲ ਅਮਰੀਕਾ ਦੇ ਜਵਾਬੀ ਟੈਕਸਾਂ ਕਰਕੇ ਝੰਬੇ ਅਰਥਚਾਰੇ ਨੂੰ ਕੁਝ ਢੋਹੀ ਮਿਲਣ ਦੀ ਸੰਭਾਵਨਾ ਹੈ। ਵਿਆਜ ਦਰਾਂ ਵਿਚ .25 ਫੀਸਦ ਦੀ ਕਟੌਤੀ ਨਾਲ ਰੈਪੋ ਦਰ 6 ਫੀਸਦ ਰਹੇਗੀ, ਜਿਸ ਨਾਲ ਹੋਮ, ਆਟੋ ਤੇ ਕਾਰਪੋਰੇਟ ਕਰਜ਼ੇ ਲੈਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਤੋਂ ਪਹਿਲਾਂ ਫਰਵਰੀ ਵਿਚ ਆਰਬੀਆਈ ਨੇ ਨੀਤੀਗਤ ਵਿਆਜ ਦਰਾਂ ’ਤੇ ਨਜ਼ਰਸਾਨੀ ਲਈ ਸੱਦੀ ਬੈਠਕ ਦੌਰਾਨ ਰੈਪੋ ਦਰ .25 ਫੀਸਦ ਘਟਾ ਕੇ 6.25 ਫੀਸਦ ਕਰ ਦਿੱਤੀ ਸੀ। ਇਹ ਦਰ ਮਈ 2020 ਵਿੱਚ ਪਿਛਲੀ ਕਟੌਤੀ ਦਰ ਤੋਂ ਬਾਅਦ ਆਈ ਹੈ। ਵਿਆਜ ਦਰਾਂ ਵਿਚ ਆਖਰੀ ਸੋਧ ਫਰਵਰੀ 2023 ਵਿੱਚ ਹੋਈ ਸੀ ਜਦੋਂ ਨੀਤੀਗਤ ਦਰ ਨੂੰ 25 ਅਧਾਰ ਅੰਕ ਵਧਾ ਕੇ 6.5 ਪ੍ਰਤੀਸ਼ਤ ਕੀਤਾ ਗਿਆ ਸੀ। ਆਰਬੀਆਈ ਦੇ ਗਵਰਨਰ ਸੰਜੈ ਮਲਹੋਤਰਾ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ (ਐਮਪੀਸੀ) ਨੇ ਸਰਬਸੰਮਤੀ ਨਾਲ ਨੀਤੀਗਤ ਵਿਆਜ ਦਰ ਨੂੰ 25 ਅਧਾਰ ਅੰਕ ਘਟਾ ਕੇ 6 ਫੀਸਦ ਕਰਨ ਦਾ ਫੈਸਲਾ ਕੀਤਾ ਹੈ।
ਆਰਬੀਆਈ ਨੇ ਆਲਮੀ ਪੱਧਰ ’ਤੇ ਬੇਯਕੀਨੀ ਦੇ ਮਾਹੌਲ ਕਰਕੇ ਜੀਡੀਪੀ ਵਿਕਾਸ ਦਰ ਦੇ ਅਨੁਮਾਨ ਨੂੰ 6.7 ਫੀਸਦ ਦੇ ਪਹਿਲਾਂ ਦੇ ਅਨੁਮਾਨ ਤੋਂ ਘਟਾ ਕੇ 6.5 ਫੀਸਦ ਕਰ ਦਿੱਤਾ ਹੈ। ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਦਰਾਮਦਾਂ ’ਤੇ 26 ਫੀਸਦ ਦਾ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ, ਜੋ ਅੱਜ (9 ਅਪਰੈਲ) ਤੋਂ ਲਾਗੂ ਹੋ ਗਿਆ ਹੈ।