ਪਟਿਆਲਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਨੌਰ ’ਚ ਵਾਪਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ’ਤੇ ਰੋਸ ਪ੍ਰਗਟ ਕਰਦਿਆਂ ਮੁਲਜ਼ਮ ਨੂੰ ਸਖ਼ਤ ਸਜ਼ਾ ’ਤੇ ਜ਼ੋਰ ਦਿੱਤਾ ਹੈ। ਐਕਸ ’ਤੇ ਪੋਸਟ ਪਾ ਕੇ ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਸਰਕਾਰ ਇਨ੍ਹਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਬੇਅਦਬੀ ਦੀ ਇਹ ਘਟਨਾ ਸਨੌਰ ਦੀ ਸੰਗਤ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਅਖੰਡ ਪਾਠ ਦੌਰਾਨ ਹੀ ਵਾਪਰੀ ਜਿਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਅੰਗ ਦੇ ਟੁਕੜੇ ਕਰ ਕੇ ਇੱਕ ਚਾਦਰ ਦੇ ਹੇਠਾਂ ਰੱਖ ਦਿੱਤੇ ਗਏ ਸਨ। ਦੂਜੇ ਪਾਸੇ ਇਸ ਮਾਮਲੇ ਵਿੱਚ ਸਨੌਰ ਪੁਲੀਸ ਨੇ ਸਿਮਰਨਜੀਤ ਸਿੰਘ ਨਾਮ ਦੇ ਗ੍ਰੰਥੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਇਹ ਪਾਠ ਕਰਨ ਵਾਲੇ ਛੇ ਹੋਰ ਪਾਠੀਆਂ ’ਚ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਸਨੌਰ ਇਲਾਕੇ ਦੀ ਸੰਗਤ ਵੱਲੋਂ ਸਾਂਝੇ ਤੌਰ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ ਪਰ ਇਸ ਦੌਰਾਨ ਹੀ ਸਮਾਗਮ ਦੀ ਸਮਾਪਤੀ ਮਗਰੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੰਗ ਪਾੜਿਆ ਗਿਆ ਪਾਇਆ ਗਿਆ। ਅਸਲ ਵਿਚ ਮਹਾਰਾਜ ਦੇ ਸਰੂਪ ਦਾ ਸੁੱਖ ਆਸਨ ਕਰ ਦਿੱਤਾ ਗਿਆ ਸੀ। ਇਲਾਕੇ ਦੇ ਹੀ ਵਸਨੀਕ ਕਰਨਲ ਅਮਰੀਕ ਸਿੰਘ ਜਦੋਂ ਸਾਜ਼ੋ ਸਾਮਾਨ ਦੀ ਸਾਂਭ ਸੰਭਾਲ ਕਰ ਰਹੇ ਸਨ, ਤਾਂ ਇੱਕ ਚਾਦਰ ਹੇਠ ਗੁਰੂ ਗ੍ਰੰਥ ਸਾਹਿਬ ਦੇ ਇੱਕ ਅੰਗ ਦੇ ਟੁਕੜੇ ਕੀਤੇ ਪਏ ਮਿਲੇ। ਇਸ ਦੌਰਾਨ ਹੀ ਪੁਲੀਸ ਵੱਲੋਂ ਜਾਂਚ ਕਰਨ ‘ਤੇ ਇਹ ਬੇਅਦਬੀ ਇੱਥੇ ਇਹ ਸ੍ਰੀ ਅਖੰਡ ਪਾਠ ਸਾਹਿਬ ਕਰਨ ਵਾਲੇ ਇੱਕ ਪਾਠੀ ਸਿੰਘ ਵੱਲੋਂ ਕਰਨੀ ਪਾਈ ਗਈ।
