ਮੋਗਾ- ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ‘ਕਮਲ ਕੌਰ ਭਾਬੀ’ ਦੇ ਬਠਿੰਡਾ ਵਿਖੇ ਦਰਜ ਹੋਏ ਕਤਲ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਨਿਹੰਗ ਅੰਮ੍ਰਿਤਪਾਲ ਸਿੰਘ ਦੀ ਯੂ ਏ ਈ ’ਚ ਗ੍ਰਿਫ਼ਤਾਰੀ ਦਾ ਭੇਤ ਬਰਕਰਾਰ ਹੈ। ਪੁਲੀਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਯੂ ਏ ਈ ਵਿਚ ਅੰਮ੍ਰਿਤਪਾਲ ਦੀ ਗ੍ਰ੍ਰਿਫ਼ਤਾਰੀ ਦੀ ਕੋਈ ਸੂਚਨਾ ਨਹੀਂ ਹੈ। ਮੁਲਜ਼ਮ ਮੂਲ ਰੂਪ ਵਿਚ ਮੋਗਾ ਜ਼ਿਲ੍ਹੇ ਦੇ ਥਾਣਾ ਮਹਿਣਾ ਅਧੀਨ ਪਿੰਡ ਮਹਿਰੋਂ ਦਾ ਵਸਨੀਕ ਹੈ। ਐੱਸ ਐੱਸ ਪੀ ਬਠਿੰਡਾ ਅਮਨੀਤ ਕੌਂਡਲ ਅਤੇ ਸਥਾਨਕ ਐੱਸ ਪੀ ਡੀ ਡਾ. ਬਾਲ ਕਿ੍ਸ਼ਨ ਸਿੰਗਲਾ ਨੇ ਕਿਹਾ ਯੂ ਏ ਈ ਵਿਚ ਮੁਲਜ਼ਮ ਅੰਮ੍ਰਿਤਪਾਲ ਸਿੰਘ ਦੀ ਗ੍ਰ੍ਰਿਫ਼ਤਾਰੀ ਦੀ ਉਨ੍ਹਾਂ ਕੋਲ ਕੋਈ ਸੂਚਨਾ ਨਹੀਂ ਹੈ। ਉਂਝ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਤੋਂ ਹੀ ਮੁਲਜ਼ਮ ਬਾਰੇ ਜਾਣਕਾਰੀ ਧਿਆਨ ਵਿਚ ਆਈ ਹੈ।
ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ‘ਕਮਲ ਕੌਰ ਭਾਬੀ’ ਦਾ ਬਠਿਡਾ ਵਿਖੇ 10 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ। ਸੋਸ਼ਲ ਮੀਡੀਆ ਉੱਤੇ ਜਿਸ ਤਰ੍ਹਾਂ ਦੇ ਉਹ ਵੀਡੀਓਜ਼ ਪਾਉਂਦੀ ਸੀ, ਉਸ ਕਾਰਨ ਉਸ ਨੂੰ ਪਿਛਲੇ ਸਮੇਂ ਦੌਰਾਨ ਧਮਕੀਆਂ ਮਿਲੀਆਂ ਸਨ। ਸੋਸ਼ਲ ਮੀਡੀਆ ਉੱਪਰ ਉਸ ਦੇ 4 ਲੱਖ ਤੋਂ ਵੱਧ ਫਾਲੋਅਰਜ਼ ਸਨ। ਕਤਲ ਕੇਸ ਵਿਚ ਨਾਮਜ਼ਦ ਅੰਮ੍ਰਿਤਪਾਲ ਸਿੰਘ ਪਿੰਡ ਮਹਿਰੋਂ ਦਾ ਵਸਨੀਕ ਹੈ ਅਤੇ ਉਹ ਪਿਛਲੇ ਕੁਝ ਸਾਲਾਂ ਤੋਂ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਰਹਿੰਦਾ ਸੀ। ਬਠਿੰਡਾ ਪੁਲੀਸ ਪਹਿਲਾਂ ਹੀ ਦਾਅਵਾ ਕਰ ਚੁੱਕੀ ਹੈ ਕਿ ਮੁਲਜ਼ਮ ਯੂ ਏ ਈ ਭੱਜ ਚੁੱਕਾ ਹੈ। ਉਸ ਵੱਲੋਂ ਕਤਲ ਤੋਂ ਬਾਅਦ ਦੋ ਵੀਡੀਓਜ਼ ਪਾ ਕੇ ਇਸ ਕਤਲ ਨੂੰ ਜਾਇਜ਼ ਠਹਿਰਾਇਆ ਸੀ।
ਅਸਲ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਸਾਲ 2022 ਵਿੱਚ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਬਣੀ ਹੈਰੀਟੇਜ ਸਟਰੀਟ ਵਿੱਚ ਲੱਗੇ ਲੋਕ ਨਾਚ ਬੁੱਤਾਂ ਨੂੰ ਤੋੜ ਦਿੱਤਾ ਗਿਆ ਸੀ। ਉਸ ਖ਼ਿਲਾਫ਼ ਜਗਰਾਉਂ ਪੁਲੀਸ ਵੱਲੋਂ ਡੇਰੇਦਾਰ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੇ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ਉੱਪਰ ਚੋਣ ਵੀ ਲੜੀ ਸੀ।
