ਫਰੀਦਾਬਾਦ- ਇੱਥੇ ਇੱਕ 25 ਸਾਲਾ ਵਿਆਹੁਤਾ ਔਰਤ ਨਾਲ ਚਲਦੀ ਵੈਨ ਵਿੱਚ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕਰਨ ਅਤੇ ਬਾਅਦ ਵਿੱਚ ਉਸ ਨੂੰ ਚਲਦੀ ਗੱਡੀ ਵਿੱਚੋਂ ਸੜਕ ‘ਤੇ ਸੁੱਟਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲੀਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਸੋਮਵਾਰ ਦੇਰ ਰਾਤ ਵਾਪਰੀ ਜਦੋਂ ਦੋਵਾਂ ਮੁਲਜ਼ਮਾਂ ਨੇ ਸਵਾਰੀ ਦੀ ਉਡੀਕ ਕਰ ਰਹੀ ਔਰਤ ਨੂੰ ਲਿਫਟ ਦੀ ਪੇਸ਼ਕਸ਼ ਕੀਤੀ। ਪੁਲੀਸ ਅਨੁਸਾਰ ਦੋਸ਼ੀ ਉਸ ਨੂੰ ਮੰਜ਼ਿਲ ‘ਤੇ ਲਿਜਾਣ ਦੀ ਬਜਾਏ ਗੁਰੂਗ੍ਰਾਮ ਵੱਲ ਲੈ ਗਏ ਅਤੇ ਕਾਰ ਦੇ ਅੰਦਰ ਹੀ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲੀਸ ਨੇ ਦੱਸਿਆ ਕਿ ਔਰਤ ਨੂੰ ਸਾਰੀ ਰਾਤ ਗੱਡੀ ਵਿੱਚ ਘੁਮਾਇਆ ਗਿਆ ਅਤੇ ਸਵੇਰੇ ਕਰੀਬ 3 ਵਜੇ ਰਾਜਾ ਚੌਕ ਨੇੜੇ 90 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫਤਾਰ ਨਾਲ ਚੱਲ ਰਹੀ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ।
ਔਰਤ ਦੇ ਚਿਹਰੇ ਅਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ 12 ਤੋਂ ਵੱਧ ਟਾਂਕੇ ਲਗਾਉਣੇ ਪਏ ਹਨ; ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਹ ਅਜੇ ਬਿਆਨ ਦਰਜ ਕਰਵਾਉਣ ਦੇ ਯੋਗ ਨਹੀਂ ਹੈ। ਪੀੜਤਾ ਦੀ ਭੈਣ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਔਰਤ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਸੀ ਅਤੇ ਸੋਮਵਾਰ ਸ਼ਾਮ ਨੂੰ ਸੈਕਟਰ 23 ਵਿੱਚ ਆਪਣੀ ਸਹੇਲੀ ਦੇ ਘਰ ਗਈ ਸੀ, ਜਿੱਥੋਂ ਵਾਪਸ ਆਉਂਦੇ ਸਮੇਂ ਉਸ ਨੂੰ ਮੁਲਜ਼ਮਾਂ ਨੇ ਲਿਫਟ ਦਿੱਤੀ ਸੀ।
ਪੁਲੀਸ ਨੇ ਅਪਰਾਧ ਵਿੱਚ ਵਰਤੀ ਗਈ ਵੈਨ ਜ਼ਬਤ ਕਰ ਲਈ ਹੈ ਅਤੇ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਫਰੀਦਾਬਾਦ ਪੁਲੀਸ ਦੇ ਬੁਲਾਰੇ ਯਸ਼ਪਾਲ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਹਾਲਾਂਕਿ ਸ਼ਨਾਖਤ ਪਰੇਡ ਹੋਣ ਤੱਕ ਉਨ੍ਹਾਂ ਦੇ ਨਾਮ ਅਤੇ ਫੋਟੋਆਂ ਨਸ਼ਰ ਨਹੀਂ ਕੀਤੀਆਂ ਜਾ ਸਕਦੀਆਂ।
