ਕੋਲਕਾਤਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਲਕਾਤਾ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਬੰਗਲਾਦੇਸ਼ੀ ਘੁਸਪੈਠ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਕਾਰਨ ਸੂਬੇ ਦੀ ਜਨਸੰਖਿਆ ਦਾ ਸੰਤੁਲਨ ਖ਼ਤਰਨਾਕ ਤਰੀਕੇ ਨਾਲ ਵਿਗੜ ਗਿਆ ਹੈ। ਸ਼ਾਹ ਨੇ ਭਰੋਸਾ ਜਤਾਇਆ ਕਿ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਏਗੀ ਅਤੇ ਇਸ ਤੋਂ ਬਾਅਦ ਨਾ ਸਿਰਫ਼ ਘੁਸਪੈਠੀਆਂ ਦੀ ਪਛਾਣ ਕੀਤੀ ਜਾਵੇਗੀ, ਸਗੋਂ ਉਨ੍ਹਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜ਼ਮੀਨ ਮੁਹੱਈਆ ਨਾ ਕਰਵਾਉਣ ਕਾਰਨ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਕੰਡਿਆਲੀ ਤਾਰ ਲਾਉਣ ਦਾ ਕੰਮ ਅਧੂਰਾ ਪਿਆ ਹੈ, ਜਿਸ ਨੂੰ ਭਾਜਪਾ ਸਰਕਾਰ ਬਣਦਿਆਂ ਹੀ ਪੂਰਾ ਕੀਤਾ ਜਾਵੇਗਾ।ਸ਼ਾਹ ਨੇ ਟੀਐਮਸੀ (TMC) ’ਤੇ ਹਿੰਸਾ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮਮਤਾ ਸਰਕਾਰ ਨੇ ਜ਼ੁਲਮ ਦੇ ਮਾਮਲੇ ਵਿੱਚ ਕਮਿਊਨਿਸਟਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ 300 ਤੋਂ ਵੱਧ ਭਾਜਪਾ ਵਰਕਰ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਨੂੰ ਘਰਾਂ ਤੋਂ ਦੂਰ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਆਰਥਿਕ ਮੋਰਚੇ ’ਤੇ ਘੇਰਦਿਆਂ ਉਨ੍ਹਾਂ ਕਿਹਾ ਕਿ ਬੰਗਾਲ ਵਿੱਚੋਂ 7,000 ਤੋਂ ਵੱਧ ਉਦਯੋਗ ਪਲਾਇਨ ਕਰ ਚੁੱਕੇ ਹਨ। ਮਤੂਆ ਭਾਈਚਾਰੇ ਨੂੰ ਸੁਰੱਖਿਆ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਧਾਰਮਿਕ ਤੌਰ ’ਤੇ ਪੀੜਤ ਸ਼ਰਨਾਰਥੀ ਨੂੰ ਡਰਨ ਦੀ ਲੋੜ ਨਹੀਂ ਹੈ। ਸ਼ਾਹ ਨੇ ਬੰਗਾਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੇ ਕਾਂਗਰਸ, ਖੱਬੇ ਪੱਖੀ ਅਤੇ ਟੀਐਮਸੀ ਨੂੰ ਮੌਕਾ ਦਿੱਤਾ ਹੈ, ਹੁਣ ਇੱਕ ਵਾਰ ਭਾਜਪਾ ਨੂੰ ਸੂਬੇ ਦੇ ਵਿਕਾਸ ਲਈ ਚੁਣਨ।
