December 30, 2025
ਖਾਸ ਖ਼ਬਰਪੰਜਾਬਰਾਸ਼ਟਰੀ

ਅੰਮ੍ਰਿਤਸਰ ਹਵਾਈ ਅੱਡੇ ’ਤੇ ਯਾਤਰੀਆਂ ਦੀ ਗਿਣਤੀ ਮੁੜ ਵਧੀ

ਅੰਮ੍ਰਿਤਸਰ ਹਵਾਈ ਅੱਡੇ ’ਤੇ ਯਾਤਰੀਆਂ ਦੀ ਗਿਣਤੀ ਮੁੜ ਵਧੀ

ਅੰਮ੍ਰਿਤਸਰ-  ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਚ ਮਾਰਚ 2025 ਤੋਂ ਬਾਅਦ ਬੀਤੇ ਮਹੀਨੇ ਨਵੰਬਰ 2025 ਦੌਰਾਨ ਯਾਤਰੀਆਂ ਦੀ ਆਵਾਜਾਈ ਮੁੜ 3 ਲੱਖ ਦੇ ਅੰਕੜੇ ’ਤੇ ਪਹੁੰਚ ਗਈ ਹੈ। ‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਵੱਲੋਂ ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਹਰ ਮਹੀਨੇ ਜਾਰੀ ਕੀਤੇ ਜਾਂਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਵਿਸ਼ਲੇਸ਼ਣ ਅਨੁਸਾਰ ਜਨਵਰੀ ਤੋਂ ਨਵੰਬਰ 2025 ਤਕ ਹਵਾਈ ਅੱਡੇ ‘ਤੇ ਆਉਣ ਅਤੇ ਜਾਣ ਵਾਲੇ ਕੁੱਲ ਯਾਤਰੀਆਂ ਦੀ ਗਿਣਤੀ 28.77 ਲੱਖ ਦਰਜ ਕੀਤੀ ਗਈ ਜੋ ਕਿ 2024 ਦੇ ਇਸੇ ਅਰਸੇ ਦੌਰਾਨ ਦਰਜ 30.85 ਲੱਖ ਦੇ ਮੁਕਾਬਲੇ 6.7 ਫੀਸਦੀ ਘੱਟ ਹੈ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਗਿਣਤੀ ਵਿੱਚ ਇਹ ਗਿਰਾਵਟ ਮਈ ਮਹੀਨੇ ਤੋਂ ਸ਼ੁਰੂ ਹੋਈ ਸੀ, ਜਦੋਂ ਭਾਰਤ-ਪਾਕਿਸਤਾਨ ਫੌਜੀ ਟਕਰਾਅ ਕਾਰਨ ਹਵਾਈ ਅੱਡੇ ਤੋਂ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਸੀ। ਇਸ ਦੌਰਾਨ ਹਵਾਈ ਅੱਡਾ ਕੁੱਝ ਸਮੇਂ ਲਈ ਅਸਥਾਈ ਤੌਰ ‘ਤੇ ਬੰਦ ਰਿਹਾ ਅਤੇ ਗਰਮੀਆਂ ਦੇ ਮਹੀਨਿਆਂ ਦੌਰਾਨ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਆਈ ਸੀ।

ਉਨ੍ਹਾਂ ਕਿਹਾ ਕਿ 2025 ਦੀ ਸ਼ੁਰੂਆਤ ਕਾਫੀ ਵਧੀਆ ਰਹੀ ਅਤੇ ਜਨਵਰੀ ਤੋਂ ਅਪਰੈਲ ਤੀਕ ਯਾਤਰੀ ਆਵਾਜਾਈ ਵਿੱਚ 7 ਤੋਂ 19 ਫੀਸਦੀ ਤਕ ਵਾਧਾ ਦਰਜ ਕੀਤਾ ਗਿਆ। ਮਾਰਚ 2025 ਹਵਾਈ ਅੱਡੇ ਦੇ ਇਤਿਹਾਸ ਵਿੱਚ ਸਭ ਤੋਂ ਵੱਧ 3,43,384 ਯਾਤਰੀਆਂ ਵਾਲਾ ਮਹੀਨਾ ਸੀ। ਫਿਰ ਮਈ ਮਹੀਨੇ ਵਿੱਚ ਹੀ ਯਾਤਰੀਆਂ ਦੀ ਕੁੱਲ ਗਿਣਤੀ ਵਿੱਚ 43 ਫੀਸਦੀ ਗਿਰਾਵਟ ਆਈ, ਜਿਸ ਦਾ ਮੁੱਖ ਕਾਰਨ ਘਰੇਲ਼ੂ ਯਾਤਰੀਆਂ ਵਿੱਚ 50 ਫੀਸਦੀ ਦੀ ਕਮੀ ਸੀ। ਮਈ ਤੋਂ ਅਕਤੂਬਰ ਤਕ ਯਾਤਰੀ ਆਵਾਜਾਈ 2024 ਦੇ ਪੱਧਰ ਤੋਂ ਹੇਠਾਂ ਰਹੀ, ਪਰ ਨਵੰਬਰ ਵਿੱਚ ਇਹ ਮੁੜ ਵੱਧ ਕੇ 3,00,146 ਯਾਤਰੀਆਂ ਤਕ ਪਹੁੰਚ ਗਈ, ਜੋ ਕਿ ਨਵੰਬਰ 2024 ਦੇ 2,97,130 ਦੇ ਅੰਕੜਿਆਂ ਨਾਲੋਂ ਥੋੜ੍ਹੀ ਵੱਧ ਹੈ। ਇਸ ਵਾਧੇ ਵਿੱਚ ਘਰੇਲੂ ਯਾਤਰੀਆਂ ਦੀ ਗਿਣਤੀ 2,01,125 ਤੋਂ ਵੱਧ ਕੇ 2,04,087 ਹੋ ਗਈ, ਜਦੋਂਕਿ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 96,005 ਤੋਂ ਵੱਧ ਕੇ 96,059 ਰਹੀ।

ਉਨ੍ਹਾਂ ਕਿਹਾ ਕਿ ਇਸ ਸਾਲ ਅੰਤਰਰਾਸ਼ਟਰੀ ਉਡਾਣਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜੂਨ ਮਹੀਨੇ ਵਿੱਚ ਅਹਿਮਦਾਬਾਦ ਹਵਾਈ ਅੱਡੇ ‘ਤੇ ਏਅਰ ਇੰਡੀਆ ਦੇ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਨੇ ਅੰਮ੍ਰਿਤਸਰ-ਲੰਡਨ ਗੈਟਵਿੱਕ ਉਡਾਣਾਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ, ਜੋ ਕਿ ਨਵੰਬਰ ਮਹੀਨੇ ਵਿੱਚ ਮੁੜ ਸ਼ੁਰੂ ਹੋਈ ਹੈ। ਇਟਲੀ ਦੀ ‘ਨੀਓਸ ਏਅਰ’ ਵੱਲੋਂ ਅਕਤੂਬਰ ਤੋਂ ਮਿਲਾਨ ਲਈ ਆਪਣੀਆਂ ਉਡਾਣਾਂ ਦੀਆਂ ਸੇਵਾਵਾਂ ਮੁਲਤਵੀ ਕਰਨ ਨਾਲ ਮਿਲਾਨ ਅਤੇ ਰੋਮ ਦੇ ਨਾਲ ਨਾਲ ਟੋਰਾਂਟੋ ਦੇ ਹਵਾਈ ਸੰਪਰਕ ਨੂੰ ਵੱਡਾ ਝਟਕਾ ਲੱਗਾ ਹੈ। ਇਸੇ ਤਰ੍ਹਾਂ ਕੁਆਲਾਲੰਪੁਰ ਲਈ ਬਾਟਿਕ ਏਅਰ ਵਲੋਂ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਘਰੇਲੂ ਖੇਤਰ ਵਿੱਚ ਵੀ ਇੰਡੀਗੋ ਅਤੇ ਏਅਰ ਇੰਡੀਆ ਨੇ ਉਡਾਣਾਂ ਦੀ ਗਿਣਤੀ ਘਟਾਈ ਸੀ, ਜੋ ਹੁਣ ਹੌਲੀ-ਹੌਲੀ ਸਥਿਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਅੰਮ੍ਰਿਤਸਰ ਹਵਾਈ ਅੱਡਾ ਦੁਬਈ, ਸ਼ਾਰਜਾਹ, ਦੋਹਾ, ਬਰਮਿੰਘਮ, ਲੰਡਨ ਗੈਟਵਿੱਕ, ਸਿੰਗਾਪੁਰ, ਕੁਆਲਾਲੰਪੁਰ ਅਤੇ ਬੈਂਕਾਕ ਵਰਗੇ ਅੰਤਰਰਾਸ਼ਟਰੀ ਅਤੇ ਭਾਰਤ ਦੇ ਸ਼ਹਿਰਾਂ ਦਿੱਲੀ, ਮੁੰਬਈ, ਬੰਗਲੁਰੂ, ਸ੍ਰੀਨਗਰ, ਅਹਿਮਦਾਬਾਦ, ਹੈਦਰਾਬਾਦ, ਕੁੱਲੂ ਅਤੇ ਪੁਣੇ ਨਾਲ ਜੁੜਿਆ ਹੋਇਆ ਹੈ।

Related posts

ਯੂਪੀ: ਬੁਲੰਦਸ਼ਹਿਰ ਵਿੱਚ ਅਣਵਿਆਹੇ ਜੋੜੇ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ

Current Updates

ਸਾਬਕਾ ਮਰਚੈਂਟ ਨੇਵੀ ਮੁਲਾਜ਼ਮ ਵੱਲੋਂ ਧੀ ਦਾ ਕਤਲ; ਪਤਨੀ, ਮਾਂ ’ਤੇ ਹਥੌੜੇ ਨਾਲ ਹਮਲਾ

Current Updates

ਰਾਹੁਲ ’ਤੇ ਹਮਲੇ ਲਈ ਸਿੰਧੀਆ ਉਪਰ ਵਰ੍ਹੀ ਕਾਂਗਰਸ

Current Updates

Leave a Comment