ਚੰਡੀਗੜ੍ਹ- ਆਈਪੀਐਲ (IPL) ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਤਾਜ਼ਾ ਵੀਡੀਓ ਕਾਰਨ ਖੜ੍ਹੇ ਹੋਏ ਵਿਵਾਦ ਤੋਂ ਬਾਅਦ ਜਨਤਕ ਤੌਰ ‘ਤੇ ਮਾਫੀ ਮੰਗ ਲਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵਿਜੇ ਮਾਲਿਆ ਦੇ ਜਨਮਦਿਨ ਮੌਕੇ ਸਾਹਮਣੇ ਆਈ ਇਕ ਵੀਡੀਓ ਵਿੱਚ ਮੋਦੀ ਨੇ ਆਪਣੇ ਆਪ ਨੂੰ ਅਤੇ ਮਾਲਿਆ ਨੂੰ ਭਾਰਤ ਦੇ “ਦੋ ਸਭ ਤੋਂ ਵੱਡੇ ਭਗੌੜੇ” ਦੱਸ ਕੇ ਭਾਰਤੀ ਕਾਨੂੰਨ ਦਾ ਮਜ਼ਾਕ ਉਡਾਇਆ ਸੀ। ਇਸ ਵੀਡੀਓ ਦੇ ਵਾਇਰਲ ਹੋਣ ਅਤੇ ਭਾਰੀ ਆਲੋਚਨਾ ਹੋਣ ਤੋਂ ਬਾਅਦ ਲਲਿਤ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਲਿਖਿਆ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਭਾਰਤ ਸਰਕਾਰ ਦਾ ਅਪਮਾਨ ਕਰਨਾ ਨਹੀਂ ਸੀ, ਜਿਸ ਦਾ ਉਹ ਬਹੁਤ ਸਤਿਕਾਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ ਹੈ। ਦੂਜੇ ਪਾਸੇ, ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਮਾਫੀਨਾਮੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਈਆਂ ਨੇ ਲਿਖਿਆ ਕਿ ਜੇਕਰ ਉਹ ਸੱਚਮੁੱਚ ਕਾਨੂੰਨ ਦਾ ਸਤਿਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਭਾਰਤ ਵਾਪਸ ਆ ਕੇ ਅਦਾਲਤ ਵਿੱਚ ਇਹ ਗੱਲ ਕਹਿਣੀ ਚਾਹੀਦੀ ਹੈ। ਕੁਝ ਲੋਕਾਂ ਨੇ ਵਿਅੰਗ ਕਰਦਿਆਂ ਕਿਹਾ ਕਿ ਸ਼ਾਇਦ ਡਿਪੋਰਟ ਹੋਣ ਦੇ ਡਰ ਕਾਰਨ ਹੀ ਹੁਣ ਮਾਫੀ ਮੰਗੀ ਜਾ ਰਹੀ ਹੈ।
