ਨਵੀਂ ਦਿੱਲੀ- ਦਿੱਲੀ ਦੀ ਹਵਾ ਮੰਗਲਵਾਰ ਨੂੰ ਵੀ ਦਮ ਘੁੱਟਣ ਬਣੀ ਰਹੀ, ਜਿੱਥੇ ਸ਼ਹਿਰ ਦੇ 27 ਨਿਗਰਾਨੀ ਸਟੇਸ਼ਨਾਂ ’ਤੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (AQI) 400 (ਗੰਭੀਰ ਸ਼੍ਰੇਣੀ) ਨੂੰ ਪਾਰ ਕਰ ਗਿਆ ਅਤੇ ਕਈ ਇਲਾਕਿਆਂ ਵਿੱਚ ਇਹ ‘ਸਿਵੇਅਰ ਪਲੱਸ’ (450 ਤੋਂ ਉੱਪਰ) ਤੱਕ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ਸਵੇਰੇ 9 ਵਜੇ ਸ਼ਹਿਰ ਦਾ ਔਸਤ AQI 415 ਦਰਜ ਕੀਤਾ ਗਿਆ, ਜਦਕਿ ਅਨੰਦ ਵਿਹਾਰ (470), ਨਹਿਰੂ ਨਗਰ (463), ਓਖਲਾ (459), ਮੁੰਡਕਾ (459) ਅਤੇ ਸਿਰੀਫੋਰਟ (450) ਵਰਗੇ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਅਤਿ ਖ਼ਤਰਨਾਕ ਸ਼੍ਰੇਣੀ ਵਿੱਚ ਰਿਹਾ।
ਪ੍ਰਦੂਸ਼ਣ ਦੇ ਨਾਲ-ਨਾਲ ਸੰਘਣੀ ਧੁੰਦ ਕਾਰਨ ਪਾਲਮ ਅਤੇ ਸਫਦਰਜੰਗ ਵਿੱਚ ਵਿਜ਼ੀਬਿਲਟੀ ਘਟ ਕੇ ਕ੍ਰਮਵਾਰ 50 ਅਤੇ 100 ਮੀਟਰ ਰਹਿ ਗਈ, ਜਿਸ ਨਾਲ ਆਵਾਜਾਈ ਵਿੱਚ ਭਾਰੀ ਦਿੱਕਤ ਆਈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਦਿੱਲੀ ਦਾ ਘੱਟੋ-ਘੱਟ ਤਾਪਮਾਨ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 1.3 ਡਿਗਰੀ ਜ਼ਿਆਦਾ ਹੈ। ਇਸ ਤੋਂ ਇਲਾਵਾ ਜਦਕਿ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਦੇ ਆਲੇ-ਪਾਸੇ ਰਹਿਣ ਅਤੇ ਦਿਨ ਭਰ ਸੰਘਣੀ ਧੁੰਦ ਬਣੀ ਰਹਿਣ ਦੀ ਸੰਭਾਵਨਾ ਜਤਾਈ।
