ਨਵੀਂ ਦਿੱਲੀ- ਰਮੇਸ਼ ਸਿੱਪੀ ਦੀ ਮਹਾਨ ਫ਼ਿਲਮ ‘ਸ਼ੋਲੇ’ ਆਪਣੇ ਰਿਲੀਜ਼ ਹੋਣ ਦੇ 50 ਸਾਲਾਂ ਬਾਅਦ ਇੱਕ ਵਾਰ ਫਿਰ ਸਿਨੇਮਾਘਰਾਂ ਵਿੱਚ ਪਰਤ ਆਈ ਹੈ, ਜਿਸ ਨੇ ਦਰਸ਼ਕਾਂ ਨੂੰ ਪੁਰਾਣੀਆਂ ਯਾਦਾਂ ਵਿੱਚ ਗੁਆ ਦਿੱਤਾ ਹੈ। ਇਸ ਵਾਰ ਇਹ ਫ਼ਿਲਮ ਆਪਣੇ ‘ਅਨਕੱਟ’ ਰੂਪ ਵਿੱਚ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਕੁਝ ਅਜਿਹੇ ਦ੍ਰਿਸ਼ ਸ਼ਾਮਲ ਹਨ ਜੋ ਪਹਿਲਾਂ ਕਦੇ ਨਹੀਂ ਦੇਖੇ ਗਏ ਸਨ। ਸਭ ਤੋਂ ਖਾਸ ਗੱਲ ਇਸ ਦਾ ਵੱਖਰਾ ਅੰਤ (Climax) ਹੈ, ਜਿਸ ਵਿੱਚ ਠਾਕੁਰ ਬਲਦੇਵ ਸਿੰਘ (ਸੰਜੀਵ ਕੁਮਾਰ) ਗੱਬਰ ਸਿੰਘ (ਅਮਜਦ ਖਾਨ) ਨੂੰ ਪੁਲੀਸ ਹਵਾਲੇ ਕਰਨ ਦੀ ਬਜਾਏ ਮੌਤ ਦੇ ਘਾਟ ਉਤਾਰ ਦਿੰਦਾ ਹੈ। 1975 ਵਿੱਚ ਐਮਰਜੈਂਸੀ ਦੌਰਾਨ ਸੈਂਸਰ ਬੋਰਡ ਦੇ ਦਬਾਅ ਹੇਠ ਅਸਲ ਕਲਾਈਮੈਕਸ ਬਦਲ ਦਿੱਤਾ ਗਿਆ ਸੀ, ਪਰ ਹੁਣ ਅਸਲੀ ਅੰਤ ਦੇਖ ਕੇ ਪ੍ਰਸ਼ੰਸਕਾਂ ਨੂੰ ਇੱਕ ਮਾਨਸਿਕ ਸਕੂਨ ਮਿਲ ਰਿਹਾ ਹੈ। ਫ਼ਿਲਮ ਦੇ ਇਸ ਵਰਜ਼ਨ ਵਿੱਚ ਇਮਾਮ ਸਾਹਿਬ ਦੇ ਬੇਟੇ ਅਹਿਮਦ ਦੇ ਬੇਰਹਿਮੀ ਨਾਲ ਕਤਲ ਅਤੇ ਠਾਕੁਰ ਦੇ ਪੈਰਾਂ ਵਿੱਚ ਕਿੱਲ ਗੱਡਣ ਵਰਗੇ ਕੁਝ ਵਾਧੂ ਸਕਿੰਟਾਂ ਦੇ ਦ੍ਰਿਸ਼ ਵੀ ਜੋੜੇ ਗਏ ਹਨ।
ਇਸ ਫ਼ਿਲਮ ਦਾ ਕ੍ਰੇਜ਼ ਅੱਜ ਵੀ ਇੰਨਾ ਜ਼ਿਆਦਾ ਹੈ ਕਿ ਸਿਨੇਮਾਘਰਾਂ ਵਿੱਚ ਤਿੰਨ-ਤਿੰਨ ਪੀੜ੍ਹੀਆਂ ਇੱਕਠੀਆਂ ਬੈਠ ਕੇ ਇਸ ਦਾ ਆਨੰਦ ਮਾਣ ਰਹੀਆਂ ਹਨ। ਜਿੱਥੇ ਬਜ਼ੁਰਗ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਰਹੇ ਹਨ, ਉੱਥੇ ਹੀ ਨਵੀਂ ਪੀੜ੍ਹੀ, ਜਿਸ ਨੇ ਹੁਣ ਤੱਕ ਇਹ ਫ਼ਿਲਮ ਸਿਰਫ਼ ਟੀਵੀ ਜਾਂ ਡੀਵੀਡੀ ’ਤੇ ਦੇਖੀ ਸੀ, ਵੱਡੇ ਪਰਦੇ ’ਤੇ ਜੈ-ਵੀਰੂ ਦੀ ਦੋਸਤੀ ਅਤੇ ਗੱਬਰ ਦੀ ਦਹਿਸ਼ਤ ਦਾ ਅਨੁਭਵ ਕਰ ਰਹੀ ਹੈ। ਅਭਿਸ਼ੇਕ ਬੱਚਨ ਵਰਗੇ ਸਿਤਾਰਿਆਂ ਨੇ ਵੀ ਇਸ ਨੂੰ ਵੱਡੇ ਪਰਦੇ ’ਤੇ ਦੇਖਣ ਦੀ ਆਪਣੀ ਖਾਹਿਸ਼ ਦਾ ਜ਼ਿਕਰ ਕੀਤਾ ਹੈ। ਹਾਲਾਂ ਵਿੱਚ ਦਰਸ਼ਕ ਅੱਜ ਵੀ ਗੱਬਰ ਦੇ ਡਾਇਲਾਗਾਂ ‘ਤੇ ਸੀਟੀਆਂ ਵਜਾਉਂਦੇ ਅਤੇ ਤਾਲੀਆਂ ਮਾਰਦੇ ਨਜ਼ਰ ਆ ਰਹੇ ਹਨ। ‘ਸ਼ੋਲੇ’ ਸਿਰਫ਼ ਇੱਕ ਫ਼ਿਲਮ ਨਹੀਂ ਸਗੋਂ ਭਾਰਤੀ ਮੁੱਲਾਂ, ਦੋਸਤੀ ਅਤੇ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਇੱਕ ਅਜਿਹਾ ਪ੍ਰਤੀਕ ਬਣ ਚੁੱਕੀ ਹੈ, ਜਿਸ ਦਾ ਜਾਦੂ 50 ਸਾਲਾਂ ਬਾਅਦ ਵੀ ਬਰਕਰਾਰ ਹੈ।
