ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਐਤਵਾਰ ਨੂੰ ਭਾਰੀ ਠੰਢ ਰਹੀ ਅਤੇ ਦੋਵਾਂ ਸੂਬਿਆਂ ਦੇ ਕਈ ਹਿੱਸੇ ਸੰਘਣੀ ਧੁੰਦ ਦੀ ਲਪੇਟ ਵਿੱਚ ਰਹੇ। ਮੌਸਮ ਵਿਭਾਗ ਅਨੁਸਾਰ, ਹਰਿਆਣਾ ਦਾ ਨਾਰਨੌਲ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਡਿੱਗ ਕੇ 5.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਪੰਜਾਬ ਵਿੱਚ ਗੁਰਦਾਸਪੁਰ ਸਭ ਤੋਂ ਵੱਧ ਠੰਢਾ ਰਿਹਾ, ਜਿੱਥੇ ਪਾਰਾ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੰਘਣੀ ਧੁੰਦ ਕਾਰਨ ਸਵੇਰ ਵੇਲੇ ਵਿਜ਼ੀਬਿਲਟੀ ਕਾਫੀ ਘੱਟ ਰਹੀ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 8.8 ਡਿਗਰੀ ਸੈਲਸੀਅਸ ਰਿਹਾ।
ਹਰਿਆਣਾ ਦੇ ਹੋਰਨਾਂ ਸ਼ਹਿਰਾਂ ਵਿੱਚੋਂ ਭਿਵਾਨੀ ਵਿੱਚ 6.5 ਡਿਗਰੀ, ਅੰਬਾਲਾ ਵਿੱਚ 9.5 ਡਿਗਰੀ, ਰੋਹਤਕ ਵਿੱਚ 10.8 ਡਿਗਰੀ ਅਤੇ ਸਿਰਸਾ ਵਿੱਚ 10 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਦੇ ਲੁਧਿਆਣਾ ਅਤੇ ਬਠਿੰਡਾ ਵਿੱਚ ਤਾਪਮਾਨ 8.6 ਡਿਗਰੀ, ਪਟਿਆਲਾ ਵਿੱਚ 9.3 ਡਿਗਰੀ, ਫਰੀਦਕੋਟ ਵਿੱਚ 10 ਡਿਗਰੀ ਅਤੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
