ਗੁਹਾਟੀ- ਭਾਰਤੀ ਸ਼ਟਲਰ ਤਨਵੀ ਸ਼ਰਮਾ ਦਾ ਬੀਡਬਲਯੂਐਫ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਣ ਦਾ ਸੁਪਨਾ ਪੂਰਾ ਨਾ ਹੋਇਆ। ਇੱਥੇ ਅੱਜ ਮਹਿਲਾ ਸਿੰਗਲਜ਼ ਫਾਈਨਲ ਵਿੱਚ ਥਾਈਲੈਂਡ ਦੀ ਅਨਿਆਪਤ ਫਿਚਿਤਪ੍ਰੀਚਾਸਕ ਨੇ ਤਨਵੀ ਨੂੰ ਸਿੱਧੇ ਸੈਟਾਂ ਵਿੱਚ ਹਰਾ ਦਿੱਤਾ। ਭਾਰਤ ਨੂੰ 17 ਸਾਲਾਂ ਬਾਅਦ ਇਸ ਟੂਰਨਾਮੈਂਟ ਵਿਚ ਸੋਨ ਤਗਮਾ ਜਿੱਤਣ ਦੀ ਉਮੀਦ ਸੀ ਪਰ ਭਾਰਤੀ ਖਿਡਾਰਨ ਨੂੰ ਥਾਈ ਖਿਡਾਰਨ ਨੇ 7-15, 12-15 ਨਾਲ ਹਰਾ ਦਿੱਤਾ।
ਇਸ ਤਰ੍ਹਾਂ ਤਨਵੀ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਤਨਵੀ ਨੇ ਕਿਹਾ, ‘ਮੈਂ ਮੈਚ ਵਿਚ ਸਹਿਜ ਨਹੀਂ ਸੀ। ਮੈਂ ਮੈਚ ਦੀ ਸ਼ੁਰੂਆਤ ਤੋਂ ਹੀ ਬਹੁਤ ਸਾਰੀਆਂ ਗਲਤੀਆਂ ਕੀਤੀਆਂ।’ ਇਸ ਤੋਂ ਪਹਿਲਾਂ ਸਾਇਨਾ ਨੇਹਵਾਲ ਨੇ ਸਾਲ 2008 ਵਿੱਚ ਸੋਨ ਤਗਮਾ ਅਤੇ 2006 ਵਿੱਚ ਚਾਂਦੀ ਅਤੇ ਅਪਰਣਾ ਨੇ 1996 ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ।
