ਚੰਡੀਗੜ੍ਹ- ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਸਮੇਤ ਸਮੁੱਚੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਬੁੱਧਵਾਰ ਨੂੰ ਸੰਘਣੀ ਧੁੰਦ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਘੱਟੋ-ਘੱਟ 148 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 150 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ, ਜਿਸ ਕਾਰਨ ਹਵਾਈ ਅੱਡਾ ਅਧਿਕਾਰੀਆਂ ਨੂੰ ‘ਓਰੇਂਜ ਅਲਰਟ’ ਜਾਰੀ ਕਰਨਾ ਪਿਆ।
ਸੜਕ ਅਤੇ ਰੇਲ ਆਵਾਜਾਈ ‘ਤੇ ਵੀ ਇਸ ਦਾ ਡੂੰਘਾ ਅਸਰ ਪਿਆ ਹੈ, ਜਿੱਥੇ ਵਿਜ਼ੀਬਿਲਟੀ ਮਹਿਜ਼ 50 ਮੀਟਰ ਤੱਕ ਰਹਿ ਗਈ। ਇਸ ਦੇ ਨਾਲ ਹੀ ਦਿੱਲੀ ਦੀ ਹਵਾ ਦੀ ਗੁਣਵੱਤਾ (AQI) 384 ਦਰਜ ਕੀਤੀ ਗਈ, ਜੋ ਕਿ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆਉਂਦੀ ਹੈ। ਠੰਢ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਅਸਾਮ ਦੇ ਗੁਹਾਟੀ ਵਿੱਚ ਸਕੂਲ 6 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਠੰਢ ਅਤੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਉਧਰ ਪੰਜਾਬ ਵਿੱਚ ਸਿੱਖਿਆ ਵਿਭਾਗ ਵੱਲੋਂ 31 ਦਸੰਬਰ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ, ਹਾਲਾਂਕਿ ਠੰਢ ਹੋਰ ਵਧ ਰਹੀ ਹੈ। ਸੂਬੇ ਵਿੱਚ ਤਾਪਮਾਨ ਲਗਾਤਾਰ ਡਿੱਗਣ ਅਤੇ ਠੰਡੀਆਂ ਹਵਾਵਾਂ ਚੱਲਣ ਕਾਰਨ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਬਾਰੇ ਸੋਚਣ ਲਈ ਮਜਬੂਰ ਹੋ ਸਕਦੇ ਹਨ। ਬੀਤੇ ਵਰ੍ਹਿਆਂ ਦੌਰਾਨ ਜ਼ਿਆਦਾ ਠੰਢ ਨੂੰ ਦੇਖਦਿਆਂ ਕਈ ਵਾਰ ਸੂਬਾ ਸਰਕਾਰ ਵੱਲੋਂ ਛੁੱਟੀਆਂ ਵਿੱਚ ਵਾਧੇ ਦਾ ਐਲਾਨ ਕੀਤਾ ਜਾਂਦਾ ਰਿਹਾ ਹੈ, ਪਰ ਅਜੇ ਤੱ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਵਧਾਉਣ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
