ਅਯੁੱਧਿਆ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਰਾਮ ਮੰਦਰ ਕੰਪਲੈਕਸ ਵਿੱਚ ਸਥਿਤ ਅੰਨਪੂਰਨਾ ਮੰਦਰ ਵਿੱਚ ਝੰਡਾ ਲਹਿਰਾਇਆ ਅਤੇ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਦੇ ਮੌਕੇ ‘ਤੇ ਪ੍ਰਾਰਥਨਾਵਾਂ ਵਿੱਚ ਹਿੱਸਾ ਲਿਆ। ਭਾਜਪਾ ਦੇ ਸੀਨੀਅਰ ਆਗੂ ਦੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਸਨ। ਅੰਨਪੂਰਨਾ ਮੰਦਰ, ਰਾਮ ਮੰਦਰ ਕੰਪਲੈਕਸ ਵਿੱਚ ਬਣੇ ਸੱਤ ਮੰਦਰਾਂ ਵਿੱਚੋਂ ਇੱਕ ਹੈ। ਇਹ ਸਮਾਗਮ 25 ਨਵੰਬਰ ਦੇ ਉਸ ਪ੍ਰੋਗਰਾਮ ਤੋਂ ਬਾਅਦ ਹੋਇਆ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੇ ਸਿਖਰ ‘ਤੇ ਕੇਸਰੀ ਝੰਡਾ ਲਹਿਰਾ ਕੇ ਇਸ ਦੀ ਉਸਾਰੀ ਦੇ ਰਸਮੀ ਤੌਰ ‘ਤੇ ਮੁਕੰਮਲ ਹੋਣ ਦਾ ਐਲਾਨ ਕੀਤਾ ਸੀ। ਰਾਮ ਮੰਦਰ ਕੰਪਲੈਕਸ ਪਹੁੰਚਣ ਤੋਂ ਪਹਿਲਾਂ, ਸਿੰਘ ਅਤੇ ਆਦਿੱਤਿਆਨਾਥ ਨੇ ਹਨੂਮਾਨਗੜ੍ਹੀ ਮੰਦਰ ਵਿੱਚ ਪੂਜਾ ਅਰਚਨਾ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਰਾਜਨਾਥ ਸਿੰਘ ਨੇ ਰਾਮ ਲਲਾ ਦੀ ਮੂਰਤੀ ਅੱਗੇ ਮੱਥਾ ਟੇਕਿਆ ਅਤੇ ਪ੍ਰਾਣ ਪ੍ਰਤਿਸ਼ਠਾ ਦਵਾਦਸ਼ੀ ਪ੍ਰੋਗਰਾਮ ਵਿੱਚ ‘ਮੁੱਖ ਯਜਮਾਨ’ ਵਜੋਂ ਸ਼ਿਰਕਤ ਕੀਤੀ। ਪ੍ਰਾਣ ਪ੍ਰਤਿਸ਼ਠਾ ਦਵਾਦਸ਼ੀ ਦੀਆਂ ਰਸਮਾਂ ਸ਼ੁੱਕਰਵਾਰ ਤੱਕ ਜਾਰੀ ਰਹਿਣਗੀਆਂ, ਜਦੋਂ ਕਿ ਮੰਦਰ ਵਿੱਚ ਧਾਰਮਿਕ ਰਸਮਾਂ ਸ਼ਨਿਚਰਵਾਰ ਨੂੰ ਸ਼ੁਰੂ ਹੋਈਆਂ ਸਨ। ਜ਼ਿਕਰਯੋਗ ਹੈ ਕਿ 22 ਜਨਵਰੀ, 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਸਮਾਗਮ ਦੌਰਾਨ ਰਾਮ ਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਇੱਕ ਅਹੁਦੇਦਾਰ ਨੇ ਦੱਸਿਆ ਕਿ ਦੂਜੀ ਵਰ੍ਹੇਗੰਢ ਮੌਕੇ ਰਾਮ ਲਲਾ ਦੇ ਦਰਸ਼ਨਾਂ ਲਈ ਅਯੁੱਧਿਆ ਵਿੱਚ ਲਗਪਗ ਪੰਜ ਤੋਂ ਛੇ ਲੱਖ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।
