ਗੋਪੇਸ਼ਵਰ- ਚਮੋਲੀ ਜ਼ਿਲ੍ਹੇ ਵਿੱਚ ਵਿਸ਼ਨੂੰਗੜ੍ਹ-ਪੀਪਲਕੋਟੀ ਹਾਈਡ੍ਰੋ ਇਲੈਕਟ੍ਰਿਕ ਪ੍ਰਾਜੈਕਟ ਦੀ ਪੀਪਲਕੋਟੀ ਸੁਰੰਗ ਦੇ ਅੰਦਰ ਇੱਕ ਲੋਕੋ ਟ੍ਰੇਨ ਅਤੇ ਮਾਲ ਗੱਡੀ ਦੀ ਟੱਕਰ ਹੋਣ ਕਾਰਨ ਲਗਪਗ 88 ਵਿਅਕਤੀ ਜ਼ਖਮੀ ਹੋ ਗਏ। ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੌਰਵ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਹੋਏ ਇਸ ਹਾਦਸੇ ਦੇ ਸਮੇਂ ਟ੍ਰੇਨ ਵਿੱਚ ਕੁੱਲ 109 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਮਜ਼ਦੂਰ ਸਨ। ਉਨ੍ਹਾਂ ਦੱਸਿਆ ਕਿ ਟ੍ਰੇਨ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ।
ਡੀਐਮ ਨੇ ਦੱਸਿਆ ਕਿ ਟੀਐੱਚਡੀਸੀ (ਇੰਡੀਆ) ਦੁਆਰਾ ਬਣਾਈ ਜਾ ਰਹੀ ਇਸ ਪ੍ਰਾਜੈਕਟ ਦੀ ਪੀਪਲਕੋਟੀ ਸੁਰੰਗ ਦੇ ਅੰਦਰ ਇੱਕ ਟ੍ਰੇਨ ਲੋਕਾਂ ਨੂੰ ਲੈ ਕੇ ਜਾ ਰਹੀ ਸੀ ਅਤੇ ਦੂਜੀ ਸਮੱਗਰੀ ਲੈ ਕੇ ਜਾ ਰਹੀ ਸੀ, ਜਦੋਂ ਉਨ੍ਹਾਂ ਦੀ ਆਪਸ ਵਿੱਚ ਟੱਕਰ ਹੋ ਗਈ। ਅਧਿਕਾਰੀਆਂ ਅਨੁਸਾਰ, ਨਿਰਮਾਣ ਕਾਰਜਾਂ ਲਈ ਮਜ਼ਦੂਰਾਂ, ਅਧਿਕਾਰੀਆਂ ਅਤੇ ਸਮੱਗਰੀ ਦੀ ਢੋਆ-ਢੁਆਈ ਲਈ ਸੁਰੰਗਾਂ ਦੇ ਅੰਦਰ ਲੋਕੋ ਟ੍ਰੇਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਚਮੋਲੀ ਦੇ ਉਪ-ਮੰਡਲ ਮੈਜਿਸਟ੍ਰੇਟ ਨੇ ਦੱਸਿਆ ਕਿ 10 ਜ਼ਖਮੀਆਂ ਨੂੰ ਇਲਾਜ ਲਈ ਗੋਪੇਸ਼ਵਰ ਦੇ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਇਹ 444 ਮੈਗਾਵਾਟ ਦਾ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਚਮੋਲੀ ਜ਼ਿਲ੍ਹੇ ਵਿੱਚ ਹੇਲਾਂਗ ਅਤੇ ਪੀਪਲਕੋਟੀ ਦੇ ਵਿਚਕਾਰ ਅਲਕਨੰਦਾ ਨਦੀ ‘ਤੇ ਬਣਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਰਾਹੀਂ ਚਾਰ ਟਰਬਾਈਨਾਂ ਦੀ ਮਦਦ ਨਾਲ 111 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਣੀ ਹੈ ਅਤੇ ਇਸ ਨੂੰ ਅਗਲੇ ਸਾਲ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
