ਪੈਰਿਸ- ਸਪੇਨ ਦੀ ਕੌਮੀ ਮੌਸਮ ਸੇਵਾ ਨੇ ਕਿਹਾ ਕਿ ਬਾਰਸੀਲੋਨਾ ਨੇ ਇੱਕ ਸਦੀ ਪਹਿਲਾਂ ਜਦੋਂ ਤੋਂ ਮੌਸਮ ਦੇ ਅੰਕੜਿਆਂ ਨੂੰ ਰਿਕਾਰਡ ਕਰਨਾ ਸ਼ੁਰੂ ਕੀਤਾ, ਉਸ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਗਰਮ ਜੂਨ ਮਹੀਨਾ ਰਿਕਾਰਡ ਕੀਤਾ ਹੈ। ਬਾਰਸੀਲੋਨਾ ਦੇ ਉੱਪਰ ਇੱਕ ਪਹਾੜੀ ’ਤੇ ਸਥਿਤ ਕੈਨ ਫੈਬਰਾ ਆਬਜ਼ਰਵੇਟਰੀ ਨੇ ਔਸਤਨ 26 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ, ਜਿਸ ਨੇ 1914 ਤੋਂ ਬਾਅਦ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜੂਨ ਲਈ ਪਿਛਲਾ ਸਭ ਤੋਂ ਗਰਮ ਔਸਤ ਤਾਪਮਾਨ 2003 ਵਿੱਚ ਦਰਜ ਕੀਤਾ ਗਿਆ ਸੀ। ਜੋ ਕਿ 25.6 ਡਿਗਰੀ ਸੈਲਸੀਅਸ ਸੀ।
ਮੌਸਮ ਕੇਂਦਰ ਨੇ ਦੱਸਿਆਕਿ ਜੂਨ ਲਈ ਇੱਕ ਦਿਨ ਦਾ ਉੱਚਾ ਤਾਪਮਾਨ 37.9 ਸੈਲਸੀਅਸ 30 ਜੂਨ ਨੂੰ ਦਰਜ ਕੀਤਾ ਗਿਆ ਹੈ। ਸਪੇਨ ਦੇ ਉੱਤਰ-ਪੂਰਬੀ ਕੋਨੇ ਵਿੱਚ ਪਹਾੜੀਆਂ ਅਤੇ ਮੈਡੀਟੇਰੀਅਨ ਦੇ ਵਿਚਕਾਰ ਸਥਿਤ ਹੋਣ ਕਾਰਨ ਬਾਰਸੀਲੋਨਾ ਆਮ ਤੌਰ ’ਤੇ ਸਪੇਨ ਵਿੱਚ ਸਭ ਤੋਂ ਭੈੜੀ ਗਰਮੀ ਤੋਂ ਬਚਿਆ ਰਹਿੰਦਾ ਹੈ। ਪਰ ਹੁਣ ਦੇਸ਼ ਦਾ ਜ਼ਿਆਦਾਤਰ ਹਿੱਸਾ ਸਾਲ ਦੀ ਪਹਿਲੀ ਗਰਮੀ ਦੀ ਲਪੇਟ ਵਿੱਚ ਆ ਗਿਆ ਹੈ।