ਨਵੀਂ ਦਿੱਲੀ: ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਿਚ 500 ਤੋਂ ਵੱਧ ਲੋਕਾਂ ਨੇ ਪਾਕਿਸਤਾਨ ਹਾਈ ਕਮਿਸ਼ਨ ਨੇੜੇ ਪ੍ਰਦਰਸ਼ਨ ਕੀਤਾ। ਤਖ਼ਤੀਆਂ ਫੜ ਕੇ ਅਤੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਗੁਆਂਢੀ ਦੇਸ਼ ਵਿਰੁੱਧ ਫੈਸਲਾਕੁੰਨ ਕਾਰਵਾਈ ਦੀ ਮੰਗ ਕੀਤੀ ਅਤੇ ਉਸ ’ਤੇ ਭਾਰਤ ਵਿਚ ਅਤਿਵਾਦੀ ਗਤੀਵਿਧੀਆਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ।
ਭਾਜਪਾ ਨੇ ਅਤਿਵਾਦ ਵਿਰੋਧੀ ਐਕਸ਼ਨ ਫੋਰਮ ਵਰਗੇ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਨਾਲ-ਨਾਲ ਪ੍ਰਦਰਸ਼ਨ ਵਿਚ ਵੀ ਹਿੱਸਾ ਲਿਆ। ਇਕ ਅਧਿਕਾਰੀ ਨੇ ਕਿਹਾ ਦਿੱਲੀ ਪੁਲੀਸ ਨੇ ਹਾਈ ਕਮਿਸ਼ਨ ਤੋਂ ਲਗਭਗ 500 ਮੀਟਰ ਦੀ ਦੂਰੀ ’ਤੇ ਬੈਰੀਕੇਡ ਲਗਾਏ ਸਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੇ ਰੋਕ ਦਿੱਤਾ ਗਿਆ ਸੀ। ਅਤਿਵਾਦ ਵਿਰੋਧੀ ਐਕਸ਼ਨ ਫੋਰਮ ਦੇ ਇਕ ਮੈਂਬਰ ਨੇ ਪੀਟੀਆਈ ਵੀਡੀਓਜ਼ ਨੂੰ ਕਿਹਾ, “ਪਹਿਲਾਂ, ਸਰਕਾਰ ਨੇ ਇਕ ਸਰਜੀਕਲ ਸਟ੍ਰਾਈਕ ਕੀਤੀ ਸੀ। ਅਸੀਂ ਅਤਿਵਾਦ ਨੂੰ ਖਤਮ ਕਰਨ ਲਈ ਦੁਬਾਰਾ ਅਜਿਹੀ ਕਾਰਵਾਈ ਦੀ ਮੰਗ ਕਰਦੇ ਹਾਂ। ਇਹ ਮਾਸੂਮ ਸੈਲਾਨੀਆਂ ’ਤੇ ਸ਼ਰਮਨਾਕ ਹਮਲਾ ਸੀ।’’ਪ੍ਰਦਰਸ਼ਨਕਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਆਉਣ ਵਾਲੀ ਅਮਰਨਾਥ ਯਾਤਰਾ ਲਈ ਜੰਮੂ-ਕਸ਼ਮੀਰ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ। ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਾਈ ਕਮਿਸ਼ਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਵਿੱਚ ਬੈਰੀਕੇਡਾਂ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਨੇ ਰੋਕ ਲਿਆ।