ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਚਾਇਤੀ ਰਾਜ ਦਿਵਸ ਮੌਕੇ ਪੰਜਾਬ ਦੇ ਸਰਪੰਚਾਂ ਦੇ ਮਾਣ ਭੱਤੇ ’ਚ ਵਾਧਾ ਕਰ ਕੇ ਨਵਾਂ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਅੱਜ ‘ਪੰਚਾਇਤੀ ਰਾਜ ਦਿਵਸ’ ਮੌਕੇ ਸਥਾਨਕ ਟੈਗੋਰ ਥੀਏਟਰ ਵਿੱਚ ਅਗਾਂਹਵਧੂ ਪੰਚਾਇਤਾਂ ਦੇ ਸਨਮਾਨ ਮੌਕੇ ਐਲਾਨ ਕੀਤਾ ਕਿ ਪੰਜਾਬ ’ਚ ਨਵੇਂ ਬਣੇ ਸਰਪੰਚਾਂ ਨੂੰ ਪ੍ਰਤੀ ਮਹੀਨਾ ਦੋ ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਵੇਗਾ।
ਚੇਤੇ ਰਹੇ ਕਿ ਇਸ ਤੋਂ ਪਹਿਲਾਂ ਸਰਪੰਚਾਂ ਨੂੰ 1200 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲਦਾ ਸੀ ਜੋ ਕੁੱਝ ਵਰ੍ਹੇ ਪਹਿਲਾਂ ਤੋਂ ਬੰਦ ਪਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਨੂੰ ਹੋਰ ਅਖ਼ਤਿਆਰ ਦੇਣ ਬਾਰੇ ਵੀ ਜਲਦ ਫ਼ੈਸਲਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਅੱਜ ਸੂਬੇ ’ਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਪਿੰਡ ਬੱਲ੍ਹੋ ਦੀ ਪੰਚਾਇਤ ਤੋਂ ਇਲਾਵਾ ਪੰਚਾਇਤ ਐਡਵਾਂਸ ਇੰਡੈਕਸ ਅਧੀਨ ਸਥਾਈ ਵਿਕਾਸ ਟੀਚਿਆਂ ਦੇ 9 ਵਿਸ਼ਿਆਂ ਵਿੱਚੋਂ ਅੱਵਲ ਆਉਣ ਵਾਲੀਆਂ ਪੰਚਾਇਤਾਂ ਨੂੰ ਵੀ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਪਹਿਲੇ ਨੰਬਰ ’ਤੇ ਆਉਣ ਵਾਲੀ ਪੰਚਾਇਤ ਦੇ ਵਿਕਾਸ ਕੰਮਾਂ ਨੂੰ ਦੇਖਣ ਲਈ ਪਿੰਡ ਬੱਲ੍ਹੋ ਵਿਖੇ 6 ਮਈ ਨੂੰ ਦੌਰਾ ਕਰਨ ਦਾ ਐਲਾਨ ਵੀ ਕੀਤਾ।