ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਸਾਊਦੀ ਅਰਬ ਦੇ ਦੋ-ਰੋਜ਼ਾ ਦੌਰੇ ਉਤੇ ਜਾਣਗੇ। ਉਨ੍ਹਾਂ ਦਾ ਇਹ ਸਰਕਾਰੀ ਦੌਰਾ ਆਗਾਮੀ ਮੰਗਲਵਾਰ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਦੋਵਾਂ ਮੁਲਕਾਂ ਦਰਮਿਆਨ ਊਰਜਾ, ਵਪਾਰ ਅਤੇ ਰੱਖਿਆ ਸਮੇਤ ਹੋਰ ਅਹਿਮ ਖੇਤਰਾਂ ਵਿਚ ਆਪਸੀ ਸਹਿਯੋਗ ਤੇ ਮਿਲਵਰਤਣ ਨੂੰ ਹੋਰ ਹੁਲਾਰਾ ਦੇਣ ਨੂੰ ਤਵੱਜੋ ਦਿੱਤੀ ਜਾਵੇਗੀ।
ਇਸ ਦੌਰਾਨ ਮੋਦੀ ਅਤੇ ਸਾਊਦੀ ਅਰਬ ਦੇ ਵਲੀ ਅਹਿਦ ਸ਼ਹਿਜ਼ਾਦਾ ਮੁਹੰਮਦ ਬਿਲ ਸਲਮਾਨ ਅਲ ਸਾਉਦ (Saudi Crown Prince Mohammed bin Salman Al Saud) ਦਰਮਿਆਨ ਗੱਲਬਾਤ ਤੋਂ ਬਾਅਦ ਦੋਵਾਂ ਮੁਲਕਾਂ ਵਿਚਕਾਰ ਕਈ ਇਕਰਾਨਾਮਿਆਂ ਉਤੇ ਸਹੀ ਪਾਈ ਜਾਵੇਗੀ।
ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਵਿਦੇਸ਼ ਸਕੱਤਰ ਵਿਕਰਮ ਮਿਸਰੀ (Foreign Secretary Vikram Misri) ਨੇ ਕਿਹਾ ਕਿ ਇਹ ਦੌਰਾ ਦੋਵਾਂ ਮੁਲਕਾਂ ਦੀ ਪਹਿਲਾਂ ਹੀ ਰਣਨੀਤਕ ਪੱਖੋਂ ਅਹਿਮ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮੁਹੱਈਆ ਕਰਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਭਾਰਤ-ਸਾਊਦੀ ਅਰਬ ਊਰਜਾ ਸਹਿਯੋਗ ਨੂੰ ਹੋਰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।