ਪਟਨਾ- ਬਿਹਾਰ ਵਿਚ ਅਸਮਾਨੀ ਬਿਜਲੀ ਡਿੱਗਣ ਅਤੇ ਗੜੇਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 61 ਹੋ ਗਈ ਹੈ। ਇਸ ਸਬੰਧੀ ਅੱਜ 36 ਹੋਰ ਮੌਤਾਂ ਹੋਣ ਦੀ ਜਾਣਕਾਰੀ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ 25 ਮੌਤਾਂ ਦੀ ਜਾਣਕਾਰੀ ਮਿਲੀ ਸੀ। ਨਾਲੰਦਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 23 ਮੌਤਾਂ ਹੋਈਆਂ ਹਨ। ਰਾਜ ਦੇ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਕਿਹਾ ਗਿਆ ਹੈ, ‘ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਵੀਰਵਾਰ ਨੂੰ ਬਿਜਲੀ ਡਿੱਗਣ, ਗੜੇਮਾਰੀ ਅਤੇ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 61 ਹੋ ਗਈ ਹੈ।’ ਬਿਹਾਰ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਘਰ ਦੇ ਅੰਦਰ ਅਤੇ ਸੁਰੱਖਿਅਤ ਰਹਿਣ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।