ਨਵੀਂ ਦਿੱਲੀ- ਕੌਮੀ ਜਾਂਚ ਏਜੰਸੀ ਨੇ ਦਿੱਲੀ ਦੀ ਅਦਾਲਤ ਵਿਚ ਦਲੀਲ ਦਿੰਦਿਆਂ ਕਿਹਾ ਕਿ 26/11 ਦੇ ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜੇ ਤਹੱਵੁਰ ਰਾਣਾ ਨੇ ਹੋਰ ਵੀ ਕਈ ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਲਈ ਯੋਜਨਾ ਘੜੀ ਸੀ। ਇਹ ਦਾਅਵਾ ਉਨ੍ਹਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੇ ਵਿਸ਼ੇਸ਼ ਜੱਜ ਚੰਦਰ ਜੀਤ ਸਿੰਘ ਸਾਹਮਣੇ ਕੀਤਾ। ਇਸ ਤੋਂ ਬਾਅਦ ਅਦਾਲਤ ਨੇ ਰਾਣਾ ਨੂੰ 18 ਦਿਨਾਂ ਦੀ ਐਨਆਈਏ ਹਿਰਾਸਤ ਵਿੱਚ ਭੇਜ ਦਿੱਤਾ।
ਜੱਜ ਨੇ ਆਪਣੇ ਹੁਕਮਾਂ ਵਿੱਚ ਐਨਆਈਏ ਨੂੰ ਨਿਰਦੇਸ਼ ਦਿੱਤਾ ਕਿ ਉਹ ਹਰ 24 ਘੰਟਿਆਂ ਵਿੱਚ ਰਾਣਾ ਦੀ ਡਾਕਟਰੀ ਜਾਂਚ ਕਰੇ ਅਤੇ ਉਸ ਨੂੰ ਹਰ ਦੂਜੇ ਦਿਨ ਆਪਣੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਜੱਜ ਨੇ ਰਾਣਾ ਨੂੰ ਸਿਰਫ਼ ਨਰਮ ਟਿਪ ਵਾਲੇ ਪੈੱਨ ਦੀ ਵਰਤੋਂ ਕਰਨ ਅਤੇ ਐਨਆਈਏ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸੁਣਨਯੋਗ ਦੂਰੀ ਵਿੱਚ ਆਪਣੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਐਨਆਈਏ ਦੇ ਅਧਿਕਾਰੀਆਂ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਮੁੰਬਈ ਹਮਲੇ ਵਾਂਗ ਹੋਰ ਸ਼ਹਿਰਾਂ ਵਿੱਚ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਐਨਆਈਏ ਅਧਿਕਾਰੀ ਅਹਿਮ ਸਬੂਤ ਇਕੱਠੇ ਕਰਨ ਅਤੇ 17 ਸਾਲ ਪਹਿਲਾਂ ਦੀਆਂ ਘਟਨਾਵਾਂ ਦਾ ਪਤਾ ਲਗਾਉਣ ਲਈ ਰਾਣਾ ਨੂੰ ਮੁੱਖ ਸਥਾਨਾਂ ’ਤੇ ਲਿਜਾ ਸਕਦੇ ਹਨ।