ਪਟਿਆਲਾ- ਵਧੀਕ ਡਿਪਟੀ ਕਮਿਸ਼ਨਰ (ਜ) ਈਸ਼ਾ ਸਿੰਗਲ ਦੀ ਪ੍ਰਧਾਨਗੀ ਹੇਠ ਬਾਲ ਮਜ਼ਦੂਰੀ ਐਕਟ ਅਧੀਨ ਜ਼ਿਲ੍ਹਾ ਪੱਧਰ ’ਤੇ ਬਣਾਈ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਫੀਲਡ ਅਫ਼ਸਰ ਡਾ. ਨਵਜੋਤ ਸ਼ਰਮਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ, ਸਹਾਇਕ ਕਮਿਸ਼ਨਰ ਲੇਬਰ ਜਸਬੀਰ ਸਿੰਘ ਖਰੌਡ ਸਮੇਤ ਪੁਲੀਸ, ਉਦਯੋਗ, ਸਿੱਖਿਆ, ਸਿਹਤ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਨੁਮਾਇੰਦੇ ਮੌਜੂਦ ਸਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜ਼ਿਲ੍ਹਾ ਟਾਸਕ ਫੋਰਸ ਦੀ ਅਹਿਮ ਜ਼ਿੰਮੇਵਾਰੀ ਹੈ ਤੇ ਇਸ ਵਿੱਚ ਸ਼ਾਮਲ ਹਰ ਵਿਭਾਗ ਬੱਚਿਆਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰੇ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਆਏ ਪੀ.ਐੱਲ.ਵੀ. ਗੁਰਕੀਰਤ ਸਿੰਘ ਨੇ ਦੱਸਿਆ ਕਿ ਡੀਐੱਲਐੱਸਏ ਵੱਲੋਂ ਜਨਵਰੀ ਤੋਂ ਹੁਣ ਤੱਕ ਸਕੂਲਾਂ, ਕਾਲਜਾਂ ਤੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਨ ਲਈ 200 ਤੋਂ ਵੱਧ ਸੈਮੀਨਾਰ ਲਾਏ ਗਏ ਹਨ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਛਾਪੇ ਮਾਰੇ ਜਾਂਦੇ ਹਨ ਤੇ ਹੈਲਪਲਾਈਨ ਨੰਬਰ 1098 ’ਤੇ ਆਈਆਂ ਕਾਲਾਂ ਦਾ ਨਿਪਟਾਰਾ ਵੀ ਸਮਾਂਬੱਧ ਕੀਤਾ ਜਾਂਦਾ ਹੈ।