ਪਟਿਆਲਾ । ਪੰਜਾਬ ਦੇ ਵਾਤਾਵਰਣ ਦੇ ਸੁਧਾਰ ਅਤੇ ਕਿਸਾਨਾਂ ਨੂੰ ਰਿਵਾਇਤੀ ਫ਼ਸਲੀ ਚੱਕਰ ਤੋਂ ਬਾਹਰ ਕੱਢਕੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਖੇਤੀ ਵਿਭਿੰਨਤਾ ਲਈ ਵਣ ਖੇਤੀ ਪ੍ਰੋਜੈਕਟ ਦਾ ਲਾਭ ਹਰੇਕ ਕਿਸਾਨ ਨੂੰ ਲੈਣਾ ਚਾਹੀਦਾ ਹੈ। ਇਹ ਪ੍ਰੋਜੈਕਟ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਹੋਰਾਂ ਦਾ ਇੱਕ ਦੂਰਅੰਦੇਸ਼ੀ ਪ੍ਰੋਜੈਕਟ ਹੈ, ਜੋਕਿ ਕਿਸਾਨਾਂ ਅਤੇ ਪੰਜਾਬ ਤੇ ਵਾਤਾਵਰਣ ਦੀ ਭਲਾਈ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਕੀਤਾ। ਉਹ ਮਾਰਕਿਟ ਕਮੇਟੀ ਦਫ਼ਤਰ ਘਨੌਰ ਵਿਖੇ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਪੰਜਾਬ ਈਕੋ ਫ਼੍ਰੈਂਡਲੀ ਐਸੋਸੀਏਸ਼ਨ (ਪੇਫ਼ਾ) ਦੇ ਸਹਿਯੋਗ ਨਾਲ ਆਯੋਜਿਤ ਕਿਸਾਨ ਜਾਗਰੂਕਤਾ ਵਰਕਸ਼ਾਪ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਵਰਕਸ਼ਾਪ ਦਾ ਆਯੋਜਨ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ, ਆਰ.ਯੂ., ਆਈਐਫ਼ਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇੰਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਦੀ ਅਗੁਵਾਈ ਵਿੱਚ ਕੀਤਾ ਗਿਆ।
ਵਿਧਾਇਕ ਸ੍ਰੀ ਘਨੌਰ ਨੇ ਕਿਹਾ ਵਣ ਰੇਂਜ (ਵਿਸਥਾਰ) ਪਟਿਆਲਾ ਦੇ ਅਮਲੇ ਨੂੰ ਹਿਦਾਇਤ ਦਿੱਤੀ ਕਿ ਉਹ ਘਨੌਰ ਹਲਕੇ ਦੇ ਹਰੇਕ ਪਿੰਡ ਤੱਕ ਪਹੁੰਚ ਕਰਕੇ ਕਿਸਾਨਾਂ ਨੂੰ ਇਸ ਪ੍ਰੋਜੈਕਟ ਬਾਰੇ ਜਾਗਰੂਕ ਕਰਨ। ਨਾਲ ਹੀ ਕਿਸਾਨਾਂ ਨੂੰ ਵੀ ਮਹਿਕਮੇ ਨਾਲ ਰਾਬਤਾ ਕਰਕੇ ਕਿਸਾਨ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਵਿੱਚ ਸਹਿਯੋਗ ਦੇਣ ਲਈ ਕਿਹਾ। ਵਣ ਬੀਟ ਅਫ਼ਸਰ ਪੂਜਾ ਜਿੰਦਲ ਨੇ ਕਿਸਾਨਾਂ ਨੂੰ ਵਣ ਖੇਤੀ ਪ੍ਰੋਜੈਕਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਿਸਾਨਾਂ ਨੂੰ ਖੇਤੀ ਵਾਲੀ ਜ਼ਮੀਨ ਤੇ ਕਲੋਨ ਸਫ਼ੈਦੇ, ਪਾਪੂਲਰ ਆਦਿ ਦੇ ਬੂਟੇ ਲਗਾਉਣ ਤੇ 60 ਰੁਪਏ ਪ੍ਰਤੀ ਬੂਟਾ ਸਬਸਿਡੀ ਦਿੱਤੀ ਜਾਂਦੀ ਹੈ। ਨਾਲ ਹੀ ਈ-ਟਿੰਬਰ ਪੋਰਟਲ ਰਾਹੀਂ ਕਿਸਾਨਾਂ ਨੂੰ ਰੁੱਖਾਂ ਦਾ ਸਹੀ ਮੁੱਲ ਦਿਵਾਉਣ ਵਿੱਚ ਵੀ ਮਦਦ ਕੀਤੀ ਜਾਂਦੀ ਹੈ। ਪੇਫਾ ਪ੍ਰਧਾਨ ਅਤੇ ਘਨੌਰ ਦੇ ਸਹਾਇਕ ਖੁਰਾਕ ਅਤੇ ਸਪਲਾਈ ਅਫ਼ਸਰ ਵਰਿੰਦਰ ਸਿੰਘ ਅਤੇ ਮਾਰਕਿਟ ਕਮੇਟੀ ਘਨੌਰ ਦੇ ਸਕੱਤਰ ਅਸ਼ਵਨੀ ਮਹਿਤਾ ਨੇ ਮੁੱਖ ਮਹਿਮਾਨ ਸ੍ਰੀ ਘਨੌਰ ਅਤੇ ਵਣ ਵਿਸਥਾਰ ਰੇਂਜ ਦੇ ਅਮਲੇ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰਸਿੱਧ ਸਮਾਜ ਸੇਵੀ ਨਰਿੰਦਰ ਪੰਧੇਰ, ਪੇਫਾ ਦੇ ਵਿੱਤ ਸਕੱਤਰ ਅਸ਼ਵਨੀ ਗਰਗ ਰੌਬਿਨ, ਜੱਥੇਬੰਦਕ ਸਕੱਤਰ ਫ਼ੁਟਬਾਲ ਕੋਚ ਇੰਦਰਜੀਤ ਸਿੰਘ, ਵਣ ਬਲਾਕ ਅਫ਼ਸਰ ਮਹਿੰਦਰ ਚੌਧਰੀ, ਵਣ ਬੀਟ ਅਫ਼ਸਰ ਅਮਨ ਅਰੋੜਾ, ਫੂਡ ਸਪਲਾਈ ਇੰਸਪੈਕਟਰ ਧਨਵੰਤ ਰਾਏ, ਅਰਵਿੰਦ ਸਿੰਘ, ਲਖਵਿੰਦਰ ਸਿੰਘ, ਧਰਮਪਾਲ ਵਰਮਾ, ਆੜ੍ਹਤੀ ਐਸੋਸੀਏਸ਼ਨ ਦੇ ਅਸ਼ਵਨੀ ਘਨੌਰ, ਪਰਮਿੰਦਰ ਪੰਮਾ ਘਨੌਰ, ਹਰਜੀਤ ਸਿੰਘ ਚਮਾਰਹੇੜੀ, ਗੁਰਮੁਖ ਸਿੰਘ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।