ਨਵੀਂ ਦਿੱਲੀ- ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਇੱਥੇ ਦੂਜੀਆਂ ‘ਖੇਲੋ ਇੰਡੀਆ ਪੈਰਾ ਖੇਡਾਂ’ ਦਾ ਉਦਘਾਟਨ ਕੀਤਾ ਤੇ ਕਈ ਚੁਣੌਤੀਆਂ ਦੇ ਬਾਵਜੂਦ ਦ੍ਰਿੜ੍ਹ ਸੰਕਲਪ ਦਿਖਾਉਣ ਲਈ ਦੇਸ਼ ਦੇ ਪੈਰਾ-ਅਥਲੀਟਾਂ (ਖਿਡਾਰੀਆਂ) ਦੀ ਸ਼ਲਾਘਾ ਕੀਤੀ। ਇਹ ਖੇਡਾਂ 27 ਮਾਰਚ ਤੱਕ ਚੱਲਣਗੀਆਂ ਜਿਸ ਵਿੱਚ ਦੇਸ਼ ਦੇ 1300 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਅਥਲੀਟਾਂ ਵਿੱਚ ਪੈਰਿਸ ਪੈਰਾਲੰਪਿਕ ’ਚ ਸੋਨ ਤਗ਼ਮਾ ਜੇਤੂ ਤੀਰਅੰਦਾਜ਼ ਹਰਵਿੰਦਰ ਸਿੰਘ, ਕਲੱਬ ਥ੍ਰੋਅਰ ਧਰਮਬੀਰ ਅਤੇ ਖੇਲ ਰਤਨ ਜੇਤੂ ਉੱਚੀ ਛਾਲ ਦਾ ਖਿਡਾਰੀ ਪਰਵੀਨ ਕੁਮਾਰ ਆਦਿ ਸ਼ਾਮਲ ਹਨ।
ਮਾਂਡਵੀਆ ਨੇ ਖੇਡਾਂ ਦੇ ਉਦਘਾਟਨ ਮੌਕੇ ਕਿਹਾ, ‘‘ਖੇਲੋ ਇੰਡੀਆ ਨੇ ਹੌਲੀ-ਹੌਲੀ ਤੇ ਲਗਾਤਾਰ ਆਪਣੀ ਅਹਿਮੀਅਤ ਸਥਾਪਤ ਕੀਤੀ। ਅੱਜ ਜਦੋਂ ਮੈਂ ਇਨ੍ਹਾਂ ਖਿਡਾਰੀਆਂ ਨੂੰ ਦੇਖ ਰਿਹਾ ਤਾਂ ਮੈਨੂੰ ਉਨ੍ਹਾਂ ਦੀਆਂ ਅੱਖਾਂ ਵਿੱਚ ਕੁਝ ਕਰਨ ਦੀ ਇੱਛਾ ਤੇ ਵਿਸ਼ਵਾਸ ਦਿਖਾਈ ਦੇ ਰਿਹਾ ਹੈ। ਅਸੀਂ ਹਕੀਕਤ ’ਚ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।’’ ਉਨ੍ਹਾਂ ਆਖਿਆ, ‘‘ਖੇਲੋ ਇੰਡੀਆ ਨੇ ਦੇਸ਼ ਨੂੰ ਯਕੀਨ ਦਿਵਾਇਆ ਹੈ, ਇਸ ਨੇ ਪ੍ਰਧਾਨ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਨ੍ਹਾਂ ਖੇਡਾਂ, ਪਲੈਟਫਾਰਮ ਨੇ ਸਾਨੂੰ ਆਪਣਾ ਹੁਨਰ ਸਾਹਮਣੇ ਲਿਆਉਣ ਦੇ ਸਮਰੱਥ ਬਣਾਇਆ ਹੈ ਅਤੇ ਅਸੀਂ ਕਿਸੇ ਨੂੰ ਨਿਰਾਸ਼ ਨਹੀਂ ਕਰਾਂਗੇ।’’ਮਾਂਡਵੀਆ ਨੇ ਪੈਰਾ ਖੇਡਾਂ ’ਚ ਹੋਈ ਪ੍ਰਗਤੀ ਦਾ ਜ਼ਿਕਰ ਕਰਦਿਆਂ ਭਾਰਤ ਵੱਲੋਂ ਪੈਰਿਸ ਪੈਰਲੰਪਿਕ ’ਚ ਕੀਤੇ ਪ੍ਰਦਰਸ਼ਨ ਦਾ ਹਵਾਲਾ ਵੀ ਦਿੱਤਾ ਜਿਸ ਵਿੱਚ ਭਾਰਤ ਨੇ ਸੱਤ ਸੋਨ ਤਗ਼ਮਿਆਂ ਸਣੇ ਕੁੱਲ 29 ਤਗ਼ਮੇ ਜਿੱਤੇ ਸਨ। ਖੇਡ ਮੰਤਰੀ ਨੇ ਕਿਹਾ, ‘‘ਮੈਂ ਸਾਰੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।