ਪਟਿਆਲਾ- ਇੱਥੇ ਪਟਿਆਲਾ-ਸਰਹਿੰਦ ਰੋਡ ਸਥਿਤ ਸੰਨ ਰਾਈਜ਼ ਹੋਟਲ ਨੇੜੇ ਚੌਲਾਂ ਨਾਲ ਭਰੇ ਇੱਕ ਚੱਲਦੇ ਟਰੱਕ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਅੱਗ ਕਾਰਨ ਟਰੱਕ ਪੁਰੀ ਤਰ੍ਹਾਂ ਸੜ ਗਿਆ ਤੇ ਟਰੱਕ ਵਿੱਚ ਲੱਦੇ ਅੱਧੇ ਤੋਂ ਜ਼ਿਆਦਾ ਚੌਲ ਸੁਆਹ ਹੋ ਗਏ। ਟਰੱਕ ਚਾਲਕ ਦਾ ਕਹਿਣਾ ਸੀ ਕਿ ਉਹ ਜਦੋਂ ਚੌਲਾਂ ਦੇ ਭਰੇ ਆਪਣੇ ਇਸ ਟਰੱਕ ਨੂੰ ਲੈ ਕੇ ਸ਼ਹਿਰ ਵੱਲ ਜਾ ਰਿਹਾ ਸੀ ਤਾਂ ਟਰੱੱਕ ਦਾ ਸੱਜੇ ਪਾਸੇ ਵਾਲਾ ਇੱਕ ਟਾਇਰ ਫਟ ਗਿਆ, ਜਿਸ ਕਾਰਨ ਗੱਡੀ ਡਿਵਾਈਡਰ ਵਿਚ ਜਾ ਵੱਜੀ। ਇਸ ਦੌਰਾਨ ਡੀਜ਼ਲ ਵਾਲੀ ਟੈਂਕੀ ਫਟ ਗਈ ਤੇ ਟਰੱਕ ਨੂੰ ਅੱਗ ਲੱਗ ਗਈ। ਟਰੱਕ ਨੂੰ ਅੱਗ ਲੱਗਣ ਕਾਰਨ ਕੁਝ ਸਮਾਂ ਆਵਾਜਾਈ ਵੀ ਰੁਕੀ ਰਹੀ। ਦੂਜੇ ਪਾਸੇ ਬਦਕਿਸਮਤੀ ਨਾਲ ਨਗਰ ਨਿਗਮ ਪਟਿਆਲਾ ਦੀਆਂ ਫਾਇਰ ਬ੍ਰਿਗੇਡ ਬਹੁਤੀਆਂ ਗੱਡੀਆਂ ਕਿਸਾਨੀ ਅੰਦੋਲਨ ਕਾਰਨ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰ ’ਤੇ ਗਈਆਂ ਹੋਈਆਂ ਸਨ। ਇਸ ਤੋਂ ਇਲਾਵਾ ਸਥਾਨਕ ਸ਼ਹਿਰ ਵਿੱਚ ਵੀ ਅੱਜ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਗੱਡੀ ਇਹ ਅੱਗ ਬੁਝਾਅ ਰਹੀ ਸੀ ਜਿਸ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਪਹੁੁੰਚਣ ਨੂੰ ਕੁਝ ਸਮਾਂ ਲੱਗ ਗਿਆ। ਇਸ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੇ ਸਟਾਫ ਨੇ ਯਤਨ ਕਰਦਿਆਂ ਇੱਕ ਆਟੋ ਰਿਕਸ਼ਾ ’ਚ ਪਾਣੀ ਵਾਲੀ ਵੱਡੀ ਟੈਂਕੀ ਫਿੱਟ ਕਰਕੇ ਬਣਾਈ ਗਈ ਅੱਗ ਬੁਝਾਉਣ ਵਾਲੀ ਛੋਟੀ ਗੱਡੀ ਭੇਜ ਦਿੱਤੀ ਸੀ। ਜਿਸ ਨੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਗਰੋਂ ਵੱਡੀ ਗੰਡੀ ਵੀ ਆ ਪੁੱਜੀ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਜ਼ਿਕਰਯੋਗ ਹੈ ਕਿ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਟਰੱਕ ਤੇ ਅੱਧੇ ਤੋਂ ਜ਼ਿਆਦਾ ਚੌਲ ਅੱਗ ਦੀ ਭੇਟ ਚੜ੍ਹ ਚੁੱਕੇ ਸਨ। ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਇਸ ਸਬੰਧੀ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
previous post