ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਗੀਤਾਂਜਲੀ ਅੰਗਮੋ ਵੱਲੋਂ ਆਪਣੇ ਪਤੀ ਸੋਨਮ ਵਾਂਗਚੁਕ ਦੀ NSA ਤਹਿਤ ਨਜ਼ਰਬੰਦੀ ਨੂੰ ਚੁਣੌਤੀ ਦਿੰਦੀ ਤੇ ਫੌਰੀ ਰਿਹਾਈ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ 15 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਅੰਗਮੋ ਦੀ ਪਟੀਸ਼ਨ ’ਤੇ 6 ਅਕਤੂਬਰ ਨੂੰ ਕੇਂਦਰ ਸਰਕਾਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ ਵਾਂਗਚੁਕ ਦੀ ਨਜ਼ਰਬੰਦੀ ਦਾ ਆਧਾਰ ਦੱਸੇ ਜਾਣ ਦੀ ਮੰਗ ਕਰਦੀ ਅੰਗਮੋ ਦੀ ਪਟੀਸ਼ਨ ’ਤੇ ਸਰਬਉੱਚ ਕੋਰਟ ਨੇ ਕੋਈ ਵੀ ਹੁਕਮ ਪਾਸ ਕਰਨ ਤੋਂ ਉਦੋਂ ਨਾਂਹ ਕਰ ਦਿੱਤੀ ਸੀ। ਲੱਦਾਖ ਨੂੰ ਰਾਜ ਦਾ ਦਰਜਾ ਦੇਣ ਤੇ ਛੇਵੇਂ ਸ਼ਡਿਊਲ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਭੜਕੀ ਹਿੰਸਾ ਤੋਂ ਦੋ ਦਿਨ ਬਾਅਦ ਵਾਂਗਚੁਕ ਨੂੰ 26 ਸਤੰਬਰ ਨੂੰ ਸਖ਼ਤ ਕੌਮੀ ਸੁਰੱਖਿਆ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਵਾਤਾਵਰਨ ਕਾਰਕੁਨ ਇਸ ਵੇਲੇ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਬੰਦ ਹੈ |
